ਜਲੰਧਰ, 24 ਅਪ੍ਰੈਲ (ਪੰਜਾਬ ਮੇਲ)- ਜਲੰਧਰ ਲੋਕ ਸਭਾ ਹਲਕੇ ਤੋਂ ਚਾਰੋ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ.ਪੀ. ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਆਉਣ ਨਾਲ ਰਾਜਸੀ ਮੁਕਾਬਲਿਆਂ ਦੀ ਤਸਵੀਰ ਸਾਫ ਹੋ ਗਈ ਹੈ। ਇੱਥੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ, ‘ਆਪ’ ਵੱਲੋਂ ਪਵਨ ਕੁਮਾਰ ਟੀਨੂੰ , ਬਸਪਾ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਭਾਜਪਾ ਵੱਲੋਂ ਸ਼ੁਸ਼ੀਲ ਰਿੰਕੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਨ੍ਹਾਂ ਪੰਜਾਂ ਉਮੀਦਵਾਰਾਂ ਵਿਚੋਂ ਚੰਨੀ, ਕੇਪੀ ਅਤੇ ਰਿੰਕੂ ਦਾ ਪਿਛੋਕੜ ਕਾਂਗਰਸ ਦਾ ਹੈ।
ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿਚ 111 ਦਿਨ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਦਾਅ ਖੇਡਿਆ ਹੈ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿਚ ਆਏ ਪਵਨ ਕੁਮਾਰ ਟੀਨੂੰ ਕਦੇ ਬਾਬੂ ਕਾਂਸ਼ੀ ਰਾਮ ਦੇ ਵਿਸ਼ਵਾਸ ਪਾਤਰਾਂ ਵਿਚੋਂ ਮੋਹਰੀ ਸਨ। ਟੀਨੂੰ ਨੇ 2014 ਵਿਚ ਅਕਾਲੀ ਦਲ ਵੱਲੋਂ ਜਲੰਧਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ। ਮਹਿੰਦਰ ਸਿੰਘ ਕੇ.ਪੀ. ਪੰਜਾਬ ਕਾਂਗਰਸ ਦੇ ਵੱਡੇ ਆਗੂ ਰਹੇ ਹਨ। ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇ.ਪੀ. ਦਰਬਾਰਾ ਸਿੰਘ ਦੀ ਵਜ਼ਾਰਤ ਵਿਚ ਮੰਤਰੀ ਸਨ। ਐਡਵੋਕੇਟ ਮਹਿੰਦਰ ਸਿੰਘ ਕੇ.ਪੀ. ਬੇਅੰਤ ਸਿੰਘ ਸਰਕਾਰ ਅਤੇ ਕੈਪਟਨ ਦੀ ਵਜ਼ਾਰਤ ਵਿਚ ਮੰਤਰੀ ਰਹੇ ਹਨ। ਸ਼ੁਸ਼ੀਲ ਰਿੰਕੂ ਪਹਿਲਾਂ ਕਾਂਗਰਸ ਵੱਲੋਂ ਕੌਂਸਲਰ, ਮਗਰੋਂ ਵਿਧਾਇਕ ਬਣੇ ਸਨ। ਉਹ ‘ਆਪ’ ਵਿਚ ਜਾ ਕੇ ਜ਼ਿਮਨੀ ਚੋਣ ਵੇਲੇ ਇੱਥੋਂ ਐੱਮ.ਪੀ. ਬਣੇ। ਐਡਵੋਕੇਟ ਬਲਵਿੰਦਰ ਕੁਮਾਰ ਨੂੰ ਬਸਪਾ ਨੇ ਉਮੀਦਵਾਰ ਬਣਾਇਆ ਹੈ। ਸੀ.ਪੀ.ਆਈ. ਐੱਮ ਦੇ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਵੀ ਚੋਣ ਮੈਦਾਨ ਵਿਚ ਹਨ।