-100 ਤੋਂ ਵਧ ਗ੍ਰਿਫਤਾਰ
ਸੈਕਰਾਮੈਂਟੋ, 20 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਹੱਥੋਪਾਈ ਹੋਣ ਦੀ ਖਬਰ ਹੈ। ਇਕ ਲਾਅ ਇਨਫੋਰਸਮੈਂਟ ਅਫਸਰ ਅਨੁਸਾਰ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਯੂਨੀਵਰਸਿਟੀ ਵਿਚ ਦਾਖਲ ਹੋਈ ਤੇ ਨਿਊਯਾਰਕ ਪੁਲਿਸ ਵਿਭਾਗ ਦੇ ਅਫਸਰਾਂ ਵੱਲੋਂ 100 ਤੋਂ ਵਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਪ੍ਰਦਰਸ਼ਨ ਯੁਨੀਵਰਸਿਟੀ ਦੇ ਪ੍ਰਧਾਨ ਨੇਮਤ ”ਮਿਨਓਚ” ਸ਼ਫਿਕ ਦੀ ਯਹੂਦੀਆਂ ਨਾਲ ਭੇਦਭਾਵ ਬਾਰੇ ਵਾਸ਼ਿੰਗਟਨ ਡੀ.ਸੀ. ਵਿਚ ਸਦਨ ਦੀ ਸਿੱਖਿਆ ਕਮੇਟੀ ਅੱਗੇ ਪੇਸ਼ੀ ਤੋਂ ਪਹਿਲਾਂ ਹੋਇਆ ਹੈ। ਪੁਲਿਸ ਅਫਸਰ ਅਨੁਸਾਰ ਕੁਝ ਪ੍ਰਦਰਸ਼ਨਕਾਰੀਆਂ ਨੂੰ ਬਿਨਾਂ ਕਿਸੇ ਵਿਰੋਧ ਦੇ ਹਿਰਾਸਤ ਵਿਚ ਲੈ ਲਿਆ ਗਿਆ। ਪ੍ਰਦਰਸ਼ਨਕਾਰੀ ਅਪਰ ਮੈਨਹਟਨ ਵਿਚ ਇਕੱਠੇ ਹੋਏ ਤੇ ਉਨ੍ਹਾਂ ਨੇ ਉਥੇ ਟੈਂਟ ਲਾ ਦਿੱਤੇ। ਇਸ ਉਪਰੰਤ ਇਸਰਾਈਲ ਸਮਰਥਕ ਸਮੂਹ ਵੀ ਉਥੇ ਪਹੁੰਚ ਗਿਆ। ਅਨੇਕਾਂ ਪ੍ਰਦਰਸ਼ਨਕਾਰੀਆਂ ਜਿਨ੍ਹਾਂ ਦੇ ਹੱਥਾਂ ਵਿਚ ਫਲਸਤੀਨੀ ਝੰਡੇ ਫੜੇ ਹੋਏ ਸਨ, ਦੀ ਪੁਲਿਸ ਅਫਸਰਾਂ ਨਾਲ ਬਹਿਸ ਹੋਈ ਤੇ ਕੁਝ ਪ੍ਰਦਰਸ਼ਨਕਾਰੀ ਪੁਲਿਸ ਅਫਸਰਾਂ ਨਾਲ ਭਿੜ ਗਏ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਵਿਰੁੱਧ ਦਾਇਰ ਮਾਮਲੇ ਬਾਰੇ ਕੁਝ ਨਹੀਂ ਕਿਹਾ ਤੇ ਨਾ ਹੀ ਗ੍ਰਿਫਤਾਰੀਆਂ ਬਾਰੇ ਕੋਈ ਹੋਰ ਜਾਣਕਾਰੀ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਤੇ ਕੈਂਪਸ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਯੂਨੀਵਰਸਿਟੀ ਦਾ ਸ਼ਨਾਖਤੀ ਕਾਰਡ ਵਿਖਾ ਕੇ ਹੀ ਅੰਦਰ ਦਾਖਲ ਹੋਇਆ ਜਾ ਸਕਦਾ ਹੈ। ਇਸੇ ਦੌਰਾਨ ਕੋਲੰਬੀਆ ਯੂਨੀਵਰਸਿਟੀ ਦੇ ਪ੍ਰਧਾਨ ਨੇਮਤ ”ਮਿਨਓਚ” ਸ਼ਫਿਕ ਨੇ ਕਿਹਾ ਹੈ ਕਿ ਉਸ ਨੇ ਪੁਲਿਸ ਨੂੰ ਇਕ ਪੱਤਰ ਲਿਖ ਕੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਉਣ ਲਈ ਕਿਹਾ ਸੀ। ਪ੍ਰਧਾਨ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਨਿਯਮਾਂ ਤੇ ਨੀਤੀਆਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈ ਇਹ ਅਸਾਧਾਰਨ ਕਦਮ ਚੁੱਕਿਆ ਹੈ ਕਿਉਂਕਿ ਅਸਾਧਾਰਨ ਹਾਲਾਤ ਪੈਦਾ ਹੋ ਗਏ ਸਨ।