ਸ੍ਰੀਨਗਰ, 13 ਅਪ੍ਰੈਲ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਸੋਨਮਰਗ ਅਤੇ ਪਹਿਲਗਾਮ ਪਹਾੜੀ ਸਟੇਸ਼ਨਾਂ ‘ਤੇ ਅੱਜ ਦੋ ਸੈਲਾਨੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਅਮਰੀਕਾ ਦਾ ਅਤੇ ਦੂਜਾ ਗੁਜਰਾਤ ਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਸੈਲਾਨੀ, ਜਿਸ ਦੀ ਪਛਾਣ ਲਾਨਾ ਮੈਰੀ ਵਜੋਂ ਹੋਈ ਹੈ, ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਪਹਾੜੀ ਸਟੇਸ਼ਨ ਦੇ ਹੋਟਲ ਵਿਚ ਬਿਮਾਰ ਹੋ ਗਈ। ਅਧਿਕਾਰੀਆਂ ਨੇ ਕਿਹਾ, ‘ਮੈਰੀ ਨੂੰ ਸੋਨਮਰਗ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.) ‘ਚ ਸ਼ਿਫਟ ਕੀਤਾ ਗਿਆ ਸੀ, ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਪਹੁੰਚਣ ‘ਤੇ ਮਰ ਚੁੱਕੀ ਸੀ।’ ਅਧਿਕਾਰੀਆਂ ਨੇ ਕਿਹਾ, ‘ਲਾਸ਼ ਸੋਨਮਰਗ ਦੇ ਪੀ.ਐੱਚ.ਸੀ. ਵਿਚ ਹੈ ਅਤੇ ਮੈਡੀਕਲ-ਕਾਨੂੰਨੀ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।’ ਉਨ੍ਹਾਂ ਨੇ ਦੱਸਿਆ ਕਿ ਗੁਜਰਾਤੀ ਸੈਲਾਨੀ, ਜਿਸ ਦੀ ਪਛਾਣ 63 ਸਾਲਾ ਵਾਂਗੀਕਰ ਅਨਘਾ ਵਜੋਂ ਹੋਈ ਹੈ, ਪਹਿਲਗਾਮ ਟੂਰਿਸਟ ਰਿਜ਼ੋਰਟ ਵਿਚ ਹੋਟਲ ਦੇ ਅੰਦਰ ਬੇਹੋਸ਼ ਹੋ ਕੇ ਡਿੱਗ ਪਿਆ। ਅਨਘਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ।