ਸਰੀ, 21 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਦਾ ਹਾਇਕੂ ਸੰਗ੍ਰਹਿ ‘ਪਵਣੁ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ, ਹਿੰਦ ਕੇਸਰੀ ਸੁਖਵੰਤ ਸਿੰਘ ਸਿੱਧੂ ਅਤੇ ਸ਼ਾਇਰ ਮੋਹਨ ਗਿੱਲ ਨੇ ਕੀਤੀ।
ਸਮਾਗਮ ਦੇ ਆਗਾਜ਼ ਵਿਚ ਮੰਚ ਸੰਚਾਲਕ ਅੰਗਰੇਜ਼ ਸਿੰਘ ਬਰਾੜ ਨੇ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸੰਗੀਤਕਾਰ ਅਤੇ ਗਾਇਕ ਜਗੀਰ ਸਿੰਘ ਜੌਹਲ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਕੈਨੇਡਾ ਦੀ ਧਰਤੀ ਤੇ ਪ੍ਰਫੁੱਲਤ ਕਰਨ ਹਿਤ ਲੱਗਭੱਗ ਪੰਜਾਹ ਵਰ੍ਹੇ ਬਹੁਤ ਵਡੇਰਾ ਕਾਰਜ ਕੀਤਾ ਅਤੇ ਉਨ੍ਹਾਂ ਦੇ ਇਸ ਯੋਗਦਾਨ ਨੂੰ ਸਿਜਦਾ ਕਰਦਿਆਂ ਅਸੀਂ ਅੱਜ ਦਾ ਸਮਾਗਮ ਉਨ੍ਹਾਂ ਨੂੰ ਸਮਰਪਿਤ ਕਰ ਰਹੇ ਹਾਂ। ਹਾਜਰ ਲੇਖਕਾਂ, ਸਾਹਿਤ ਪ੍ਰੇਮੀਆਂ ਵੱਲੋਂ ਇਕ ਮਿੰਟ ਦਾ ਮੋਨ ਧਾਰ ਕੇ ਜਗੀਰ ਸਿੰਘ ਜੌਹਲ ਨੂੰ ਸ਼ਰਧਾਂਜਲੀ ਦਿੱਤੀ ਗਈ।
ਉਪਰੰਤ ਡਾ. ਹਰਜੋਤ ਕੌਰ ਖਹਿਰਾ ਨੇ ‘ਪਵਣੁ’ ਉੱਪਰ ਆਪਣਾ ਪਰਚਾ ਪੜ੍ਹਿਆ। ਉਨ੍ਹਾਂ ਦੱਸਿਆ ਕਿ ਹਾਇਕੂ ਜਾਪਾਨ ਦੀ ਕਾਵਿ ਵਿਧਾ ਹੈ ਅਤੇ ਪੰਜਾਬੀ ਵਿਚ ਬਹੁਤ ਘੱਟ ਲੇਖਕਾਂ ਨੇ ਇਸ ਵਿਧਾ ਵਿਚ ਰਚਨਾ ਕੀਤੀ ਹੈ। ਮੋਹਨ ਗਿੱਲ ਕੈਨੇਡਾ ਦੇ ਉਨ੍ਹਾਂ ਮੋਹਰੀ ਸ਼ਾਇਰਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਹਾਇਕੂ ਉਪਰ ਕਲਮ ਅਜ਼ਮਾਈ ਕੀਤੀ ਹੈ। ਮੋਹਨ ਗਿੱਲ ਦਾ ਇਹ ਦੂਜਾ ਹਾਇਕੂ ਸੰਗ੍ਰਹਿ ਹੈ ਅਤੇ ਇਸ ਵਿਚ ਮੋਹਨ ਗਿੱਲ ਨੇ ਹਾਇਕੂ ਦੇ ਵਿਧੀ ਵਿਧਾਨ ਦਾ ਪੂਰਾ ਪਾਲਣ ਕਰਦਿਆਂ ਆਪਣੇ ਆਲੇ ਦੁਆਲੇ, ਸਮਾਜਿਕ, ਰਾਜਨੀਤਕ, ਮਾਨਵਤਾ ਵਿਚ ਆ ਰਹੇ ਨਿਘਾਰ, ਗੁਰਬਤ, ਬੇਇਨਸਾਫੀ, ਲੋਕ ਦਿਖਾਵੇ ਅਤੇ ਹੋਰ ਬਹੁਤ ਸਾਰੀਆਂ ਅਲਾਮਤਾਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਉਨ੍ਹਾਂ ਸੂਖਮ ਵਿਅੰਗਾਂ ਦੀ ਚਾਸ਼ਨੀ ਰਾਹੀਂ ਇਸ ਵਿਧਾ ਨੂੰ ਰੌਚਕ ਬਣਾਇਆ ਹੈ।
ਡਾ. ਪਿਰਥੀਪਾਲ ਸੋਹੀ ਨੇ ਮੋਹਨ ਗਿੱਲ ਵੱਲੋਂ ਵਿਸ਼ੇਸ਼ ਕਰਕੇ ਰਾਜਨੀਤੀ, ਪੰਜਾਬ ਅਤੇ ਭਾਰਤ ਦੇ ਹਾਲਾਤ ਬਾਰੇ ਇਸ ਪੁਸਤਕ ਵਿਚ ਕੀਤੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਡਾ. ਪਰਮਵੀਰ ਸਿੰਘ ਨੇ ਵੀ ਕੁਝ ਹਾਇਕੂਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਮੋਹਨ ਗਿੱਲ ਨੇ ਤਕਰੀਬਨ ਹਰ ਵਿਸ਼ੇ ਨੂੰ ਇਸ ਪੁਸਤਕ ਦੇ ਕਲਾਵੇ ਵਿਚ ਲਿਆ ਹੈ। ਹਰਚੰਦ ਸਿੰਘ ਬਾਗੜੀ ਨੇ ਕਿਹਾ ਕਿ ਮੋਹਨ ਗਿੱਲ ਨੇ ਇਸ ਕਲਾ ਰਾਹੀਂ ਕੁੱਜੇ ਵਿਚ ਸਮੁੰਦਰ ਬੰਦ ਕਰਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਹਰਦਮ ਸਿੰਘ ਮਾਨ ਨੇ ਕਿਹਾ ਕਿ ਮੋਹਨ ਗਿੱਲ ਇਕ ਸਰਗਰਮ ਲੇਖਕ ਹੈ ਅਤੇ ਵਿਸ਼ੇਸ਼ ਕਰਕੇ ਸਮੇਂ ਦੇ ਹਾਲਾਤ ਨੂੰ ਆਪਣੀ ਕਾਵਿ ਕਲਾ ਰਾਹੀਂ ਪੇਸ਼ ਕਰਨ ਦੀ ਮੁਹਾਰਤ ਰੱਖਦਾ ਹੈ। ਮਹਿੰਦਰਪਾਲ ਸਿੰਘ ਪਾਲ, ਪਰਮਜੀਤ ਸਿੰਘ ਸੇਖੋਂ, ਬਿੰਦੂ ਮਠਾੜੂ, ਸਰਬਜੀਤ ਕੌਰ ਰੰਧਾਵਾ, ਹਿੰਦ ਕੇਸਰੀ ਸੁਖਵੰਤ ਸਿੰਘ ਸਿੱਧੂ ਅਤੇ ਨਵਜੋਤ ਢਿੱਲੋਂ ਨੇ ਵੀ ਮੋਹਨ ਗਿੱਲ ਨੂੰ ਇਸ ਪੁਸਤਕ ਲਈ ਆਪਣੀ ਮੁਬਾਰਕਬਾਦ ਪੇਸ਼ ਕੀਤੀ।
ਮੋਹਨ ਗਿੱਲ ਨੇ ਆਪਣੇ ਵੱਲੋਂ ਸਭਨਾਂ ਨੂੰ ਜੀ ਆਇਆਂ ਕਿਹਾ ਹੈ ਅਤੇ ਆਪਣੇ ਹਾਇਕੂ ਲਿਖਣ ਦੇ ਰੁਝਾਨ ਅਤੇ ਸਫਰ ਬਾਰੇ ਸੰਖੇਪ ਵਿਚ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕੁਝ ਸੁਭਾਵਿਕ ਲਿਖੇ ਗਏ ਹਾਇਕੂਆਂ ਨੂੰ ਵਿਦਵਾਨਾਂ ਦੀ ਦ੍ਰਿਸ਼ਟੀ ਨੇ ਬੜੀ ਗੰਭੀਰਤਾ ਪ੍ਰਦਾਨ ਕੀਤੀ ਹੈ ਜੋ ਉਸ ਲਈ ਬੇਹੱਦ ਖੁਸ਼ੀ ਦਾ ਸਬੱਬ ਹੈ। ਅੰਤ ਵਿਚ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਮਾਗਮ ਵਿਚ ਹਾਜਰ ਹੋਏ ਸਭਨਾਂ ਵਿਦਵਾਨਾਂ, ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਸਾਧੂ ਬਿੰਨਿੰਗ, ਭੁਪਿੰਦਰ ਮੱਲ੍ਹੀ, ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਦਰਸ਼ਨ ਬਾਦਲ, ਗੁਰਸ਼ਰਨ ਕੌਰ, ਦਵਿੰਦਰ ਕੌਰ ਜੌਹਲ, ਨਵਰੂਪ ਸਿੰਘ, ਡਾ. ਸੁਖਵਿੰਦਰ ਵਿਰਕ, ਨਵਰੀਤ ਸੇਖਾ, ਸਰਵਣ ਸਿੰਘ ਰੰਧਾਵਾ, ਮਨਜੀਤ ਕੌਰ ਗਿੱਲ, ਜਸਬੀਰ ਮਾਨ, ਕਵਿੰਦਰ ਚਾਂਦ, ਇੰਦਰਜੀਤ ਧਾਮੀ, ਪਰਮਿੰਦਰ ਸਵੈਚ ਅਤੇ ਡਾ. ਜਸ ਮਲਕੀਤ ਸ਼ਾਮਲ ਹੋਏ।