ਯੇਰੂਸ਼ਲਮ/ਬੈਲਜੀਅਮ, 6 ਅਪ੍ਰੈਲ (ਪੰਜਾਬ ਮੇਲ)- ਇਜ਼ਰਾਈਲ ਨੇ ਕਿਹਾ ਕਿ ਉਹ ਗਾਜ਼ਾ ਪੱਟੀ ‘ਚ ਮਾਨਵੀ ਸਹਾਇਤਾ ਵਧਾਉਣ ਲਈ ਕਦਮ ਚੁੱਕ ਰਿਹਾ ਹੈ। ਇਸ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਉੱਤਰੀ ਗਾਜ਼ਾ ਦੀ ਸਰਹੱਦ ਖੋਲ੍ਹਣਾ ਵੀ ਸ਼ਾਮਲ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇਹ ਐਲਾਨ ਕੀਤਾ। ਉਨ੍ਹਾਂ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਉਨ੍ਹਾਂ ਨੂੰ ਇਹ ਕਹੇ ਜਾਣ ਤੋਂ ਕੁੱਝ ਘੰਟੇ ਬਾਅਦ ਕੀਤਾ ਕਿ ਗਾਜ਼ਾ ਵਿਚ ਜੰਗ ਲਈ ਅਮਰੀਕੀ ਸਮਰਥਨ ਨਾਗਰਿਕਾਂ ਅਤੇ ਸਹਾਇਤਾ ਕਰਮੀਆਂ ਦੀ ਸੁਰੱਖਿਆ ਲਈ ਇਜ਼ਰਾਈਲ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ‘ਤੇ ਨਿਰਭਰ ਕਰੇਗਾ। ਇਜ਼ਰਾਈਲ ਦੇ ਐਲਾਨ ਵਿਚ ਇਹ ਨਹੀਂ ਦੱਸਿਆ ਗਿਆ ਕਿ ਕਿਹੜੀਆਂ ਵਸਤੂਆਂ ਕਿੰਨੀ ਮਾਤਰਾ ਵਿਚ ਆਉਣ ਦਿੱਤੀਆਂ ਜਾਣਗੀਆਂ। ਮਤਭੇਦਾਂ ਦੇ ਬਾਵਜੂਦ ਬਾਇਡਨ ਪ੍ਰਸ਼ਾਸਨ ਨੇ ਹਮਾਸ ਖ਼ਿਲਾਫ਼ ਯੁੱਧ ਲਈ ਇਜ਼ਰਾਈਲ ਨੂੰ ਅਹਿਮ ਫੌਜੀ ਸਹਾਇਤਾ ਅਤੇ ਸਿਆਸੀ ਸਮਰਥਨ ਦੇਣਾ ਜਾਰੀ ਰੱਖਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਹ ਇਜ਼ਰਾਈਲ ਸਰਕਾਰ ਵੱਲੋਂ ਗਾਜ਼ਾ ‘ਚ ਸਹਾਇਤਾ ਵਧਾਉਣ ਲਈ ਕੀਤੇ ਗਏ ਐਲਾਨ ਦਾ ਸਵਾਗਤ ਕਰਦੇ ਹਨ ਪਰ ਇਹ ਬਾਇਡਨ ਪ੍ਰਸ਼ਾਸਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ। ਬਲਿੰਕਨ ਨੇ ਕਿਹਾ, ”ਇਹ ਚੰਗਾ ਕਦਮ ਹੈ ਪਰ ਅਸਲ ਪ੍ਰੀਖਿਆ ਇਸ ਦੇ ਨਤੀਜੇ ਹਨ, ਜੋ ਅਸੀਂ ਆਉਣ ਵਾਲੇ ਦਿਨਾਂ ਵਿਚ ਵੇਖਣਾ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਅਮਰੀਕਾ ਟਕਰਾਅ ਰਹਿਤ ਅਤੇ ਤਾਲਮੇਲ ਵਾਲੀ ਬਿਹਤਰ ਪ੍ਰਣਾਲੀ ਦੇਖਣਾ ਚਾਹੁੰਦਾ ਹੈ, ਤਾਂ ਜੋ ਗਾਜ਼ਾ ਅੰਦਰ ਸੁਰੱਖਿਅਤ ਢੰਗ ਨਾਲ ਸਹਾਇਤਾ ਪਹੁੰਚਾਈ ਜਾ ਸਕੇ।