ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਹਾੜ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਜੇਲ੍ਹਾਂ ਵਿਚ ਬੰਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੀ ਮੰਗ ਕਰਨ ਤੋਂ ਇੱਕ ਦਿਨ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਉਹ ਦਿੱਲੀ ਦੇ ਆਪਣੇ ਹਮਰੁਤਬਾ ਨੂੰ ਮਿਲ ਸਕਦੇ ਹਨ ਪਰ ਮੁਲਾਕਾਤ ਜੰਗਲੇ ਵਿਚ ਇੱਕ ਆਮ ਮਹਿਮਾਨ ਵਜੋਂ ਹੋਵੇਗੀ। ਮੁਲਾਕਾਤ ਜੰਗਲਾ ਲੋਹੇ ਦਾ ਜਾਲ ਹੈ, ਜੋ ਜੇਲ੍ਹ ਦੇ ਅੰਦਰ ਇਕ ਕਮਰੇ ਵਿਚ ਕੈਦੀ ਨੂੰ ਮੁਲਾਕਾਤੀ ਤੋਂ ਵੱਖ ਕਰਦਾ ਹੈ। ਇੱਕ ਮੁਲਾਕਾਤੀ ਅਤੇ ਇੱਕ ਕੈਦੀ ਜਾਲ ਦੇ ਵੱਖ-ਵੱਖ ਪਾਸਿਆਂ ‘ਤੇ ਬੈਠ ਕੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਨ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ) ਵੱਲੋਂ ਤਿਹਾੜ ਦੇ ਡਾਇਰੈਕਟਰ ਜਨਰਲ ਸੰਜੇ ਬਨੀਵਾਲ ਨੂੰ ਲਿਖੇ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਦਾ ਜਵਾਬ ਮਾਨ ਦੇ ਦਫ਼ਤਰ ਨੂੰ ਛੇਤੀ ਹੀ ਦਿੱਤਾ ਜਾਵੇਗਾ।