ਸਰੀ, 5 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਬੀਸੀ ਯੂਨਾਈਟਿਡ ਨੇ ਐਬਸਫੋਰਡ ਸਿਟੀ ਕੌਂਸਲ ਦੇ ਮੌਜੂਦਾ ਕੌਂਸਲਰ ਡੇਵ ਸਿੱਧੂ ਨੂੰ ਆਗਾਮੀ ਸੂਬਾਈ ਚੋਣਾਂ ਵਿੱਚ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਕਰਦਿਆਂ ਬੀ ਸੀ ਯੂਨਾਈਟਿਡ ਦੇ ਪ੍ਰਧਾਨ ਕੇਵਿਨ ਫਾਲਕਨ ਨੇ ਕਿਹਾ ਕਿ ਡੇਵ ਸਿੱਧੂ ਕੋਲ ਆਪਣੇ ਭਾਈਚਾਰੇ ਦੀ ਅਗਵਾਈ ਕਰਨ ਦਾ ਸ਼ਾਨਦਾਰ ਰਿਕਾਰਡ ਹੈ। ਐਬਸਫੋਰਡ ਵੈਸਟ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਲਈ ਉਹ ਇਕ ਆਦਰਸ਼ ਉਮੀਦਵਾਰ ਹੈ। ਉਨ੍ਹਾਂ ਕਿਹਾ ਕਿ ਬੀਸੀ ਯੂਨਾਈਟਿਡ ਡੇਵ ਵਰਗੇ ਸਟਾਰ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰੇਗੀ, ਜੋ ਐਨਡੀਪੀ ਦੀਆਂ ਕਥਿਤ ਅਸਫਲ ਨੀਤੀਆਂ ਕਾਰਨ ਪੈਦਾ ਹੋਏ ਸਾਰੇ ਦਬਾਅ ਵਾਲੇ ਮੁੱਦਿਆਂ ਨੂੰ ਬਾਖੂਬੀ ਨਜਿੱਠਣਗੇ।
ਇਸ ਮੌਕੇ ਬੋਲਦਿਆਂ ਡੇਵ ਸਿੱਧੂ ਨੇ ਕਿਹਾ ਕਿ ਉਹ ਐਬਸਫੋਰਡ ਵੈਸਟ ਖੇਤਰ ਵਿਚ ਵਿਕਾਸ ਕਰਨ, ਰਿਹਾਇਸ਼ ਅਤੇ ਰਹਿਣ-ਸਹਿਣ ਦੀਆਂ ਸਮੱਸਿਆਵਾਂ ਹੱਲ ਕਰਨ, ਐਬਸਫੋਰਡ ਹਸਪਤਾਲ ਦੇ ਵਿਸਥਾਰ, ਟਰੱਕ ਡਰਾਈਵਰਾਂ ਲਈ ਪਾਰਕਿੰਗ ਦਾ ਹੱਲ ਲੱਭਣ, ਜੁਰਮ ਰੋਕਣ ਅਤੇ ਸਥਾਨਕ ਕਾਰੋਬਾਰੀਆਂ ਲਈ ਸਹਾਇਤਾ ਪ੍ਰਦਾਨ ਕਰਨ ਵਰਗੀਆਂ ਅਸਲ ਚੁਣੌਤੀਆਂ ਦੇ ਨਾਲ ਨਾਲ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਸਕੂਲੀ ਪੋਸ਼ਣ ਪ੍ਰੋਗਰਾਮਾਂ ਨੂੰ ਨਵਿਆਉਣ, ਵਪਾਰਕ ਖੇਤਰ ਨੂੰ ਵਧਾਉਣ ਅਤੇ ਨਾਜ਼ੁਕ ਖੇਤੀਬਾੜੀ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਵਾਹ ਲਾਉਣਗੇ।
ਜ਼ਿਕਰਯੋਗ ਹੈ ਕਿ ਐਬਸਫੋਰਡ ਵਿੱਚ ਜੰਮੇ ਪਲੇ ਡੇਵ ਸਿੱਧੂ ਵਿਚ ਭਾਈਚਾਰੇ ਦੀ ਸੇਵਾ ਕਰਨ ਦਾ ਅਥਾਹ ਜਜ਼ਬਾ ਹੈ। ਉਨ੍ਹਾਂ ਐਬਸਫੋਰਡ ਰੀਜਨਲ ਹਸਪਤਾਲ ਅਤੇ ਕੈਂਸਰ ਸੈਂਟਰ, ਐਬਸਫੋਰਡ ਪੁਲਿਸ ਫਾਊਂਡੇਸ਼ਨ, ਸਾਲਵੇਸ਼ਨ ਆਰਮੀ ਅਤੇ ਦਿ ਆਰਚਵੇ ਫੂਡ ਬੈਂਕ ਲਈ ਫੰਡ ਇਕੱਠਾ ਕਰਨ ਦੇ ਕਾਰਜ ਵਿਚ ਯੋਗ ਅਗਵਾਈ ਕੀਤੀ ਹੈ। ਕਮਿਊਨਿਟੀ ਸੇਵਾ ਲਈ ਉਨ੍ਹਾਂ ਨੂੰ ਰੋਟਰੀ ਇੰਟਰਨੈਸ਼ਨਲ ਕਲੱਬ ਤੋਂ ਵੱਕਾਰੀ ਪਾਲ ਹੈਰਿਸ ਫੈਲੋਸ਼ਿਪ ਮਾਨਤਾ ਸਮੇਤ ਕਈ ਸਨਮਾਨ ਹਾਸਲ ਹੋਏ ਹਨ। ਉਨ੍ਹਾਂ ਕੋਲ ਐਬਸਫੋਰਡ ਚੈਂਬਰ ਆਫ ਕਾਮਰਸ ਦੇ ਡਾਇਰੈਕਟਰ ਵਜੋਂ ਕੰਮ ਕਰਨ ਅਤੇ ਐਬਸਫੋਰਡ ਬਿਜ਼ਨਸ ਕਮਿਊਨਿਟੀ ਕੋਲੀਜ਼ਨ ਵਰਗੀਆਂ ਸੰਸਥਾਵਾਂ ਵਿੱਚ ਹਿੱਸਾ ਲੈਣ ਅਤੇ ਆਰਥਿਕ ਵਿਕਾਸ ਦਾ ਵਿਸ਼ਾਲ ਤਜਰਬਾ ਹੈ।