ਸੈਕਰਾਮੈਂਟੋ, 3 ਅਪ੍ਰੈਲ (ਪੰਜਾਬ ਮੇਲ)-ਪੰਜਾਬੀ ਸਾਹਿਤ ਸਭਾ, ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਾਹਿਬ ਸੰਤ ਸਾਗਰ, ਸੈਕਰਾਮੈਂਟੋ ਦੇ ਹਾਲ ਵਿਚ ਹੋਈ। ਮੀਟਿੰਗ ਵਿਚ 50 ਦੇ ਕਰੀਬ ਸਾਹਿਤਕਾਰਾਂ ਨੇ ਹਿੱਸਾ ਲਿਆ। ਇਸ ਭਰਵੀਂ ਮੀਟਿੰਗ ਵਿਚ ਜਿੱਥੇ ਕਵੀ ਸੰਮੇਲਨ ਹੋਇਆ, ਉਥੇ 19 ਮਈ ਨੂੰ ਸਭਾ ਵੱਲੋਂ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਬਾਰੇ ਵੀ ਵਿਚਾਰ-ਵਟਾਂਦਰੇ ਹੋਏ। ਇਸ ਦੌਰਾਨ ਸਭਾ ਦੇ ਮੁੱਢਲੇ ਬਾਨੀ ਹਰਬੰਸ ਸਿੰਘ ਜਗਿਆਸੂ ਵਿਸ਼ੇਸ਼ ਤੌਰ ‘ਤੇ ਪਧਾਰੇ।
ਸਟੇਜ ਸਕੱਤਰ ਵਜੋਂ ਸੇਵਾ ਨਿਭਾਉਂਦਿਆਂ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਦਿਲ ਨਿੱਜਰ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਦਲਵੀਰ ਦਿਲ ਨਿੱਜਰ ਨੇ 19 ਮਈ ਨੂੰ ਹੋਣ ਵਾਲੀ ਕਾਨਫਰੰਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਦੌਰਾਨ ਸਭਾ ਦੇ ਡਾਇਰੈਕਟਰ ਹਰਬੰਸ ਸਿੰਘ ਜਗਿਆਸੂ ਨੇ ਸਭਾ ਦੇ ਪਿਛੋਕੜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਉਪਰੰਤ ਕਵੀ ਸੰਮੇਲਨ ਸ਼ੁਰੂ ਹੋਇਆ, ਜਿਸ ਵਿਚ ਹੋਰਨਾਂ ਤੋਂ ਇਲਾਵਾ ਦਲਵੀਰ ਦਿਲ ਨਿੱਜਰ, ਹਰਜਿੰਦਰ ਮੱਟੂ, ਰਾਠੇਸ਼ਵਰ ਸਿੰਘ ਸੂਰਾਪੁਰੀ, ਅਜੈਬ ਸਿੰਘ ਚੀਮਾ, ਸੁਰਿੰਦਰ ਸ਼ੀਮਾਰ, ਹਰਭਜਨ ਸਿੰਘ ਢੇਰੀ, ਮੇਜਰ ਭੁਪਿੰਦਰ ਦਲੇਰ, ਜਵਾਹਰ ਧਵਨ, ਫਕੀਰ ਸਿੰਘ ਮੱਲ੍ਹੀ, ਹਰਬੰਸ ਸਿੰਘ ਜਗਿਆਸੂ, ਜੀਵਨ ਰੱਤੂ, ਮਕਸੂਦ ਅਲੀ, ਜੋਤੀ ਸਿੰਘ, ਪਰਗਟ ਸਿੰਘ ਹੁੰਦਲ, ਹਰਜੀਤ ਹਮਸਫਰ, ਅੰਜੂ ਮੀਰਾ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਪੋ-ਆਪਣੀਆਂ ਕਵਿਤਾਵਾਂ ਸੁਣਾਈਆਂ। ਇਸ ਦੌਰਾਨ ਗੀਤ-ਸੰਗੀਤ ਵਿਚ ਉੱਘੀ ਰੇਡੀਓ ਹੋਸਟ ਜੋਤ ਰਣਜੀਤ ਕੌਰ, ਬਿੱਕਰ ਸਿੰਘ ਮਾਨ, ਮਲਿਕ ਇਮਤਿਆਜ, ਅਨੁਪਿੰਦਰ ਸੰਧੂ ਨੇ ਗਾਇਕੀ ਰਾਹੀਂ ਚੰਗਾ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਤਤਿੰਦਰ ਕੌਰ ਨੇ ਮਿੰਨੀ ਕਹਾਣੀ ਪੇਸ਼ ਕੀਤੀ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜਸਪਿੰਦਰ ਪਾਲ ਸਿੰਘ, ਗੁਰਦੀਪ ਕੌਰ, ਗੁਰਮੀਤ ਸਿੰਘ ਬਾਸੀ, ਹਰਜਿੰਦਰ ਕੌਰ, ਭਲਿੰਦਰ ਸਿੰਘ ਵਰਮਾਨੀ, ਮਨਪ੍ਰੀਤ ਸਿੰਘ, ਜੇ.ਪੀ. ਸਿੰਘ, ਬਲਜੀਤ ਸੋਹੀ, ਜਸਵੰਤ ਜੱਸੀ ਸ਼ੀਮਾਰ, ਰਜਿੰਦਰ ਕੌਰ, ਦਲਜੀਤ ਕੌਰ ਸੰਧੂ ਅਤੇ ਡਾਕਟਰ ਕਾਹਲੋਂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।