ਮਾਸਕੋ, 27 ਮਾਰਚ (ਪੰਜਾਬ ਮੇਲ)- ਮਾਸਕੋ ਦੀ ਇਕ ਅਦਾਲਤ ਨੇ ਇਕ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਵਾਲ ਸਟ੍ਰੀਟ ਜਰਨਲ ਦੇ ਪੱਤਰਕਾਰ ਇਵਾਨ ਗਿੰਗਕੋਵਿਕ ਨੂੰ ਘੱਟੋ-ਘੱਟ 30 ਜੂਨ ਤੱਕ ਜੇਲ੍ਹ ‘ਚ ਰੱਖਣ ਦਾ ਆਦੇਸ਼ ਦਿੱਤਾ। ਉਸਨੂੰ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ 32 ਸਾਲਾ ਨਾਗਰਿਕ ਨੂੰ ਰਿਪੋਰਟਿੰਗ ਦੇ ਸਿਲਸਿਲੇ ਵਿਚ ਕੀਤੀ ਗਈ ਯਾਤਰਾ ਦੌਰਾਨ 2023 ‘ਚ ਮਾਰਚ ਦੇ ਅਖੀਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਲਗਭਗ ਇਕ ਸਾਲ ਤੋਂ ਜੇਲ੍ਹ ਵਿਚ ਹਨ ਅਤੇ ਹੁਣ ਅਦਾਲਤ ਨੇ 30 ਜੂਨ ਤੱਕ ਉਸਦੀ ਗ੍ਰਿਫ਼ਤਾਰੀ ਦੀ ਮਿਆਦ ਵਧਾ ਦਿੱਤੀ ਹੈ।
ਗਿੰਗਕੋਵਿਕ ਅਤੇ ਉਸਦੇ ਮਾਲਕ ਦੁਆਰਾ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਅਮਰੀਕੀ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਗ਼ਲਤ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਰੂਸ ਦੇ ਯਾਕਟਰਿਨਬਰਗ ਸ਼ਹਿਰ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਸੀ ਕਿ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਖ਼ਿਲਾਫ਼ ਕੋਈ ਸਬੂਤ ਹੈ, ਤਾਂ ਉਹ ਕੀ ਹੈ। ਮਾਸਕੋ ਦੀ ਲੇਫੋਤੋਰਵੋ ਜੇਲ੍ਹ ਵਿਚ ਗਿੰਗਕੋਵਿਕ ਨੂੰ ਰੱਖਿਆ ਗਿਆ ਹੈ, ਜੋ ਆਪਣੇ ਸਖ਼ਤ ਹਾਲਤਾਂ ਲਈ ਬਦਨਾਮ ਹੈ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਯੂਕ੍ਰੇਨ ਖ਼ਿਲਾਫ਼ ਫੌਜੀ ਮੁਹਿੰਮ ਨਾਲ ਵਾਸ਼ਿੰਗਟਨ ਅਤੇ ਮਾਸਕੋ ਵਿਚਕਾਰ ਪੈਦਾ ਹੋਏ ਤਣਾਅ ਕਾਰਨ ਰੂਸ ਆਪਣੇ ਇੱਥੇ ਜੇਲ੍ਹ ਵਿਚ ਬੰਦ ਅਮਰੀਕੀਆਂ ਨੂੰ ਸੌਦੇਬਾਜ਼ੀ ਦੇ ਸਾਧਨ ਵਜੋਂ ਇਸਤੇਮਾਲ ਕਰ ਸਕਦਾ ਹੈ। ਰੂਸ ਨੇ ਹਾਲ ਹੀ ਵਿਚ ਦੋ ਅਮਰੀਕੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿਚ ਡਬਲਯੂ.ਐੱਨ.ਬੀ.ਏ. ਸਟਾਰ ਬ੍ਰਿਟਨੀ ਗਰਿਨਰ ਵੀ ਸ਼ਾਮਲ ਹਨ। ਗਿੰਗਕੋਵਿਕ ਸਤੰਬਰ 1986 ਦੇ ਬਾਅਦ ਤੋਂ ਰੂਸ ‘ਚ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਹੋਣ ਵਾਲੇ ਪਹਿਲੇ ਅਮਰੀਕੀ ਪੱਤਰਕਾਰ ਹਨ। 1986 ਵਿਚ ਯੂ.ਐੱਸ. ਨਿਊਜ਼ ਤੇ ਵਰਲਡ ਰਿਪੋਰਟ ਦੇ ਮਾਸਕੋ ਪੱਤਰਕਾਰ ਨਿਕੋਲਸ ਡੈਨੀਓਲਫ ਨੂੰ ਕੇ.ਜੀ.ਬੀ. ਨੇ ਗ੍ਰਿਫ਼ਤਾਰ ਕੀਤਾ ਸੀ। 20 ਦਿਨਾਂ ਬਾਅਦ ਉਸ ਨੂੰ ਸੰਯੁਕਤ ਰਾਸ਼ਟਰ ਮਿਸ਼ਨ ਵਿਚ ਸੋਵੀਅਤ ਸੰਘ ਦੇ ਇਕ ਕਰਮਚਾਰੀ ਦੀ ਰਿਹਾਈ ਦੇ ਬਦਲੇ ਛੱਡ ਦਿੱਤਾ ਗਿਆ ਸੀ। ਇਸ ਕਰਮਚਾਰੀ ਨੂੰ ਐੱਫ.ਬੀ.ਆਈ. ਨੇ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਸੀ।