#INDIA

ਭਾਜਪਾ ਵੱਲੋਂ ਅਕਾਲੀ ਦਲ ਨਾਲ ਗਠਜੋੜ ਤੋਂ ਇਲਾਵਾ ਬਸਪਾ (ਅੰਬੇਡਕਰ) ਨਾਲ ਵੀ ਹੋ ਸਕਦੈ ਸਮਝੌਤਾ!

-ਅੰਦਰਖਾਤੇ ਗੁਪਤ ਮੀਟਿੰਗਾਂ ਦਾ ਦੌਰ ਜਾਰੀ
ਅੰਮ੍ਰਿਤਸਰ, 25 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਸਬੰਧੀ ਜਿੱਥੇ ‘ਆਪ’ ਨੇ ਆਪਣੀ ਪਹਿਲੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਕੇ ਚੋਣ ਮੈਦਾਨ ਨੂੰ ਭਖਾਉਣ ਵਿਚ ਪਹਿਲਕਦਮੀ ਕੀਤੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵਿਚ ਪਏ ਕਾਟੋ-ਕਲੇਸ਼ ਕਰਕੇ ਉਮੀਦਵਾਰਾਂ ਦੇ ਨਾਂ ਅਜੇ ਤੱਕ ਜਾਰੀ ਨਹੀਂ ਕਰ ਸਕੀ। ਇਸੇ ਤਰ੍ਹਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਿਚਕਾਰ ਗਠਜੋੜ ਹੋਣ ਦੀਆਂ ਖਬਰਾਂ ਨਾਲ ਬਾਜ਼ਾਰ ਕਾਫੀ ਗਰਮ ਹੋਣ ਕਾਰਨ ਬਹੁਜਨ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਕੀਤਾ ਸਮਝੌਤਾ ਖ਼ਤਮ ਕਰ ਦਿੱਤਾ ਹੈ।
ਉੱਧਰ ਬਸਪਾ (ਅੰਬੇਡਕਰ) ਪਾਰਟੀ ਦਲਿਤ ਵੋਟਰਾਂ ਨੂੰ ਆਪਣੇ ਨਾਲ ਜੋੜਣ ਅਤੇ ਗਰੀਬ ਸਮਾਜ ਵਿਚ ਦਿਨੋਂ-ਦਿਨ ਵੱਧ ਰਹੇ ਗ੍ਰਾਫ ਨੂੰ ਲੈ ਸਫਲ ਹੋਈ ਹੈ, ਜਿਸ ਕਰਕੇ ਭਾਜਪਾ ਦੀ ਬਸਪਾ (ਅੰਬੇਡਕਰ) ਦੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਨਾਲ ਅੰਦਰਖਾਤੇ ਗੁਪਤ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਭਾਜਪਾ ਨੇਤਾ ਬਸਪਾ (ਅੰਬੇਡਕਰ) ਪਾਰਟੀ ਨਾਲ ਸਮਝੌਤਾ ਕਰ ਕੇ ਦਲਿਤ ਵੋਟ ਨੂੰ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੀ ਹੈ। ਬਸਪਾ (ਅੰਬੇਡਕਰ) ਪਾਰਟੀ ਨਾਲ ਗਠਜੋੜ ਕਰ ਕੇ ਭਾਜਪਾ ਲਈ ਲਾਹੇਵੰਦ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਬਸਪਾ (ਅੰਬੇਡਕਰ) ਪਾਰਟੀ ਦੇ ਪ੍ਰਧਾਨ ਸਵ. ਦੇਵੀਦਾਸ ਨਾਹਰ ਦੇ ਅਕਾਲ ਚਲਾਣਾ ਕਰਨ ਮਗਰੋਂ ਉਨ੍ਹਾਂ ਦੇ ਸਪੁੱਤਰ ਮਨੋਜ ਕੁਮਾਰ ਨਾਹਰ ਵੱਲੋਂ ਨੌਜਵਾਨ ਤੇ ਸੂਝਵਾਨ ਆਗੂ ਕੰਵਲਜੀਤ ਸਿੰਘ ਸਹੋਤਾ ਨੂੰ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ।
ਭਾਵੇਂ ਕਾਂਗਰਸ ਪਾਰਟੀ ਦੀ ਅੱਖ ਵੀ ਹੁਣ ਬਸਪਾ (ਅੰਬੇਡਕਰ) ਪਾਰਟੀ ‘ਤੇ ਹੈ, ਪਰ ਬੀ.ਜੇ.ਪੀ. ਨਾਲ ਸਮਝੌਤਾ ਹੋਣਾ ਲਗਭਗ ਤੈਅ ਹੈ। ਸੂਤਰਾਂ ਤੋਂ ਮਿਲੀ ਖ਼ਬਰ ਮੁਤਾਬਕ ਬੀ.ਜੇ.ਪੀ. ਕਿਸੇ ਵੇਲੇ ਵੀ ਬਸਪਾ (ਅੰਬੇਡਕਰ) ਪਾਰਟੀ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਅਤੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਨੂੰ ਕੋਈ ਵੱਡੀ ਜਿੰਮੇਵਾਰੀ ਸੌਂਪ ਸਕਦੀ ਹੈ।