#AMERICA

ਅਮਰੀਕਾ ‘ਚ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਵਕਾਲਤ

ਵਾਸ਼ਿੰਗਟਨ, 22 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ ਆਉਂਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਗਰਭਪਾਤ ਦਾ ਹੱਕ ਸਭ ਤੋਂ ਵੱਡੇ ਮੁੱਦੇ ਵਜੋਂ ਉਭਰ ਸਕਦਾ ਹੈ। ਨਵੇਂ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਏਸ਼ਿਆਈ ਅਮਰੀਕੀ, ਹਵਾਈ ਦੇ ਮੂਲ ਨਿਵਾਸੀ ਅਤੇ ਪੈਸੀਫਿਕ ਆਈਲੈਂਡਰ (ਏ.ਏ.ਪੀ.ਆਈ.) ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ ‘ਚ ਹਨ। ਏ.ਏ.ਪੀ.ਆਈ. ਡੇਟਾ ਅਤੇ ਏ.ਪੀ.-ਐੱਨ.ਓ.ਆਰ.ਸੀ. ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ‘ਚ ਕਿਹਾ ਗਿਆ ਹੈ ਕਿ 10 ‘ਚੋਂ 8 ਵਿਅਕਤੀ ਚਾਹੁੰਦੇ ਹਨ ਕਿ ਗਰਭਪਾਤ ਨੂੰ ਕਾਨੂੰਨੀ ਮਾਨਤਾ ਮਿਲੇ। ਤਿੰਨ ਤਿਹਾਈ ਏ.ਏ.ਪੀ.ਆਈ. ਬਾਲਗਾਂ ਨੇ ਕਿਹਾ ਕਿ ਸੰਸਦ ਨੂੰ ਇਸ ਸਬੰਧੀ ਕਾਨੂੰਨ ਪਾਸ ਕਰਨਾ ਚਾਹੀਦਾ ਹੈ। ਪਿਛਲੇ ਸਾਲ ਜੂਨ ‘ਚ ਕਰਵਾਏ ਗਏ ਸਰਵੇਖਣ ‘ਚ 64 ਫ਼ੀਸਦੀ ਅਮਰੀਕੀ ਬਾਲਗਾਂ ਦਾ ਮੰਨਣਾ ਹੈ ਕਿ ਗਰਭਪਾਤ ਨੂੰ ਜ਼ਿਆਦਾਤਰ ਮਾਮਲਿਆਂ ‘ਚ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ। ਡੈਮੋਕਰੈਟਿਕ ਅਤੇ ਰਿਪਬਲਿਕਨ ਪਾਰਟੀਆਂ ਨਾਲ ਜੁੜੇ ਏ.ਏ.ਪੀ.ਆਈ. ਆਗੂ ਵੀ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ ‘ਚ ਹਨ। ਏ.ਏ.ਪੀ.ਆਈ. ਵੋਟਰਾਂ ਦੀ ਗਿਣਤੀ ਕੈਲੀਫੋਰਨੀਆ, ਟੈਕਸਸ ਅਤੇ ਨਿਊਯਾਰਕ ‘ਚ ਕਿਤੇ ਵੱਧ ਹੈ ਅਤੇ ਦੋਵੇਂ ਪਾਰਟੀਆਂ ਉਨ੍ਹਾਂ ਨੂੰ ਆਪਣੇ ਪੱਖ ‘ਚ ਕਰਨ ਲਈ ਹੰਭਲੇ ਮਾਰ ਰਹੀਆਂ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਡੈਮੋਕਰੈਟਿਕ ਪਾਰਟੀ ਨੂੰ ਇਸ ਦਾ ਲਾਹਾ ਮਿਲ ਸਕਦਾ ਹੈ।