-ਕਾਨੂੰਨ ਲਾਗੂ ਹੋਣ ਦੇ ਕੁਝ ਘੰਟਿਆਂ ਮਗਰੋਂ ਰੋਕ ਲੱਗੀ
ਮੈਕਐਲੇਨ, 21 ਮਾਰਚ (ਪੰਜਾਬ ਮੇਲ)-ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਸ਼ੱਕੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਟੈਕਸਾਸ ਦੀ ਯੋਜਨਾ ‘ਤੇ ਬੁੱਧਵਾਰ ਇਕ ਵਾਰ ਫਿਰ ਰੋਕ ਲਾ ਦਿੱਤੀ ਗਈ। ਇਸ ਸਬੰਧ ‘ਚ ਪਹਿਲਾਂ ਕਾਨੂੰਨ ਲਾਗੂ ਹੋਣ ਦੇ ਕੁਝ ਘੰਟਿਆਂ ਮਗਰੋਂ ਹੀ ਸਰਹੱਦ ‘ਤੇ ਬੇਯਕੀਨੀ ਵਾਲੀ ਸਥਿਤੀ ਬਣਨ ਅਤੇ ਮੈਕਸਿਕੋ ਵੱਲੋਂ ਨਾਰਾਜ਼ਗੀ ਪ੍ਰਗਟਾਉਣ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ।
ਪੰਜਵੀਂ ਅਮਰੀਕੀ ਸਰਕਟ ਅਪੀਲੀ ਅਦਾਲਤ ਦੇ ਪੈਨਲ ਨੇ ਮੰਗਲਵਾਰ ਦੇਰ ਰਾਤ ਜਾਰੀ ਇਕ ਹੁਕਮ ‘ਚ ਕਾਨੂੰਨ ‘ਤੇ ਇਕ ਵਾਰ ਫਿਰ ਰੋਕ ਲਾ ਦਿੱਤੀ। ਇਸ ਤੋਂ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਇਕ ਫ਼ੈਸਲੇ ‘ਚ ਟੈਕਸਾਸ ਸੂਬੇ ਨੂੰ ਸਖਤ ਇਮੀਗਰੇਸ਼ਨ ਕਾਨੂੰਨ ਲਾਗੂ ਕਰਨ ਦੀ ਆਗਿਆ ਦੇ ਦਿੱਤੀ ਸੀ, ਜਿਸ ਵਿਚ ਪੁਲਿਸ ਨੂੰ ਨਾਜਾਇਜ਼ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਮੁਲਜ਼ਮ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਪਰ ਬਾਅਦ ਵਿਚ 2:1 ਦੇ ਅਨੁਪਾਤ ‘ਚ ਦਿੱਤੇ ਗਏ ਹੁਕਮ ‘ਚ ਇਕ ਅਪੀਲੀ ਅਦਾਲਤ ਦੇ ਪੈਨਲ ਇਸ ‘ਤੇ ਫਿਰ ਰੋਕ ਲਾ ਦਿੱਤੀ। ਕਾਨੂੰਨ ‘ਤੇ ਜ਼ੁਬਾਨੀ ਦਲੀਲਾਂ ਹੋਣੀਆਂ ਹਨ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਅਗਲਾ ਫ਼ੈਸਲਾ ਕਦੋਂ ਆਵੇਗਾ।
ਕਾਨੂੰਨ ਲਾਗੂ ਹੋਣ ਮਗਰੋਂ ਮੈਕਸਿਕੋ ਸਰਕਾਰ ਨੇ ਕਿਹਾ ਸੀ ਕਿ ਉਹ ਉਨ੍ਹਾਂ ਪਰਵਾਸੀਆ ਦੀ ਵਾਪਸੀ ਨੂੰ ਮਨਜ਼ੂਰ ਨਹੀਂ ਕਰੇਗਾ, ਜਿਨ੍ਹਾਂ ਨੂੰ ਟੈਕਸਾਸ ਦੇ ਇੱਕ ਨਵੇਂ ਇਮੀਗਰੇਸ਼ਨ ਕਾਨੂੰਨ ਤਹਿਤ ਅਮਰੀਕਾ ਛੱਡਣ ਦਾ ਹੁਕਮ ਦਿੱਤਾ ਗਿਆ ਹੈ।