-ਕਈ ਵੱਡੇ ਆਗੂ ਲੀਡਰਸ਼ਿਪ ਤੋਂ ਚੱਲ ਰਹੇ ਨਾਰਾਜ਼
ਚੰਡੀਗੜ੍ਹ, 20 ਮਾਰਚ (ਪੰਜਾਬ ਮੇਲ)- ਪਾਰਟੀ ‘ਚ ਚੱਲ ਰਹੇ ਕਾਟੋ ਕਲੇਸ਼ ਕਾਰਨ ਇਸ ਵਾਰ ਕਾਂਗਰਸ ਲਈ ਲੋਕ ਸਭਾ ਚੋਣਾਂ ਕਾਫ਼ੀ ਚੁਣੌਤੀਪੂਰਨ ਰਹਿਣਗੀਆਂ। ਬੇਸ਼ੱਕ ਹਾਲੇ ਤੱਕ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਇਸ ਦਰਮਿਆਨ ਕਈ ਆਗੂ ਦੂਜੀਆਂ ਪਾਰਟੀਆਂ ‘ਚ ਚਲੇ ਗਏ ਹਨ। ਸਾਬਕਾ ਕਾਂਗਰਸੀ ਐੱਮ.ਪੀ. ਪਰਨੀਤ ਕੌਰ ਭਾਜਪਾ ‘ਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਬਸੀ ਪਠਾਣਾਂ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ, ਜਿਸ ਕਾਰਨ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਇਸ ਸਮੇਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸ਼ਮਸ਼ੇਰ ਸਿੰਘ ਦੂਲੋਂ ਵੀ ਕਾਂਗਰਸ ਦੇ ਕੁਝ ਲੀਡਰਾਂ ਤੋਂ ਖ਼ੁਸ਼ ਨਹੀਂ ਜਾਪਦੇ। ਇਨ੍ਹਾਂ ਦੋਵੇਂ ਆਗੂਆਂ ਨੇ ਸਮੇਂ-ਸਮੇਂ ਸਿਰ ਪਹਿਲਾਂ ਪੰਜਾਬ ਕਾਂਗਰਸ ਦੇ ਕੰਮ ਕਰਨ ਦੇ ਤਰੀਕਿਆਂ ‘ਤੇ ਸਵਾਲ ਚੁੱਕੇ ਸਨ।
ਪਿਛਲੇ ਦਿਨੀਂ ਨਿੱਜੀ ਰੈਲੀਆਂ ਕਰਨ ਲਈ ਇਕ ਸੀਨੀਅਰ ਆਗੂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਜੋ ਵੀ ਗ਼ਲਤੀ ਕਰੇਗਾ, ਉਸ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਕਿਸੇ ਦਾ ਨਾਂ ਲਏ ਬਿਨਾਂ ਵੜਿੰਗ ਨੇ ਕਿਹਾ ਕਿ ਕੋਈ ਵੀ ਪਾਰਟੀ ਤੋਂ ਉੱਪਰ ਨਹੀਂ ਹੈ। ਬੇਸ਼ੱਕ ਤਿੰਨ ਕਾਂਗਰਸੀ ਆਗੂਆਂ ਵਲੋਂ ਇਕ ਤੋਂ ਬਾਅਦ ਇਕ ਪਾਰਟੀ ਛੱਡ ਕੇ ਹੋਰਨਾਂ ਸਿਆਸੀ ਪਾਰਟੀਆਂ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਸਿੱਧੂ ਨੇ ਕਿਹਾ ਸੀ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਔਖੇ ਸਮੇਂ ‘ਚ ਕਿਰਦਾਰਾਂ ਦੀ ਪਛਾਣ ਹੁੰਦੀ ਹੈ ਪਰ ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਇਸ ਤੋਂ ਇਲਾਵਾ ਸਿੱਧੂ ਕਾਫ਼ੀ ਦੇਰ ਤੋਂ ਪਾਰਟੀ ਦੀਆਂ ਮੁੱਖ ਰੈਲੀਆਂ ਅਤੇ ਮੀਟਿੰਗਾਂ ‘ਚ ਵੀ ਨਹੀਂ ਸ਼ਾਮਲ ਹੋ ਰਹੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕਾਂਗਰਸ ਦੇ ਦੋ ਵਾਰ ਰਹਿ ਚੁੱਕੇ ਸਾਬਕਾ ਮੁੱਖ ਮੰਤਰੀ ਜੋ ਅਕਾਲੀ ਦਲ ‘ਚੋਂ ਆਏ ਸਨ, ਬਾਅਦ ‘ਚ ਭਾਜਪਾ ‘ਚ ਸ਼ਾਮਲ ਹੋ ਗਏ । ਕਾਂਗਰਸ ਨੇ ਇਸ ਪਰਿਵਾਰ ਨੂੰ ਥੋੜ੍ਹੇ ਸਮੇਂ ‘ਚ ਹੀ ਅਹਿਮ ਅਹੁਦੇ ਦਿੱਤੇ, ਜਿਸ ਦਾ ਨਤੀਜਾ ਹੈ ਕਿ ਅੱਜ ਸੂਬੇ ਦੇ ਲੱਖਾਂ ਕਾਂਗਰਸੀ ਨਾਰਾਜ਼ ਹੋ ਕੇ ਘਰ ਬੈਠੇ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਵੀ ਕਾਂਗਰਸੀ ਲੀਡਰਾਂ ਦੇ ਕਾਟੋ ਕਲੇਸ਼ ਕਾਰਨ ਕਾਂਗਰਸ ਚੋਣਾਂ ਹਾਰ ਗਈ ਸੀ। ਉਸ ਸਮੇਂ ਵੀ ਕਾਂਗਰਸੀ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹੋ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲੜਾਈ ‘ਚ ਸਿੱਧੂ ਦੀ ਅਗਵਾਈ ‘ਚ ਸਾਰੀ ਟੀਮ ਨੇ ਇਕਜੁੱਟ ਹੋ ਕੇ ਕੰਮ ਕੀਤਾ ਸੀ, ਜਿਨ੍ਹਾਂ ‘ਚ ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਆਦਿ ਮੂਹਰਲੀ ਕਤਾਰ ‘ਚ ਸ਼ਾਮਲ ਸਨ। ਪਾਰਟੀ ਹਾਈ ਕਮਾਂਡ ਦੇ ਦਖ਼ਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਈ ਕਮਾਂਡ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਵੀ ਕਈ ਕਾਂਗਰਸੀ ਆਗੂਆਂ ‘ਚ ਫੁੱਟ ਪੈ ਗਈ ਅਤੇ ਕਈ ਸੀਨੀਅਰ ਆਗੂ ਚੰਨੀ ਤੇ ਪਾਰਟੀ ਖ਼ਿਲਾਫ਼ ਹੋ ਗਏ। ਇਸ ਦਰਮਿਆਨ ਉਸ ਸਮੇਂ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਫ਼ੀ ਰੌਲਾ ਪਿਆ।