ਵਾਸ਼ਿੰਗਟਨ, 14 ਮਾਰਚ (ਪੰਜਾਬ ਮੇਲ)- ਕੈਨੇਡਾ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ ਤਿੰਨ ਭਾਰਤੀਆਂ ਸਮੇਤ ਚਾਰ ਵਿਅਕਤੀਆਂ ਨੂੰ ਕੈਨੇਡੀਅਨ ਸਰਹੱਦ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਹੈ। ਯੂਐੱਸ ਬਾਰਡਰ ਪੈਟਰੋਲ ਨੇ ਉਸ ਸਮੇਂ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਨ੍ਹਾਂ ਬੈਫਲੋ ਸ਼ਹਿਰ ਦੇ ਅੰਤਰਰਾਸ਼ਟਰੀ ਰੇਲਮਾਰਗ ਪੁਲ ‘ਤੇ ਚੱਲਦੀ ਮਾਲ ਗੱਡੀ ਤੋਂ ਛਾਲ ਮਾਰ ਦਿੱਤੀ। ਚੌਥਾ ਵਿਅਕਤੀ ਡੋਮਿਨਿਕਨ ਰਿਪਬਲਿਕ ਦਾ ਨਾਗਰਿਕ ਹੈ। ਜਿਵੇਂ ਹੀ ਪੁਲੀਸ ਨੇੜੇ ਪਹੁੰਚੀ ਤਾਂ ਇਹ ਵਿਅਕਤੀ ਜ਼ਖ਼ਮੀ ਔਰਤ ਨੂੰ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਔਰਤ ਨੂੰ ਐਂਬੂਲੈਂਸ ਰਾਹੀਂ ਸਥਾਨਕ ਮੈਡੀਕਲ ਸੈਂਟਰ ਲਿਜਾਇਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਚਾਰਾਂ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਤਿੰਨੋਂ ਆਦਮੀਆਂ ਨੂੰ ਬਟਾਵੀਆ ਫੈਡਰਲ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦੀ ਸੁਣਵਾਈ ਤੱਕ ਰੱਖਿਆ ਜਾਵੇਗਾ।