ਸੈਕਰਾਮੈਂਟੋ, 13 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ‘ਚ ਵਰਜੀਨੀਆ ਦੀ ਪੱਛਮੀ ਸਰਹੱਦ ਨੇੜੇ ਜੰਗਲੀ ਖੇਤਰ ਵਿਚ ਇਕ ਛੋਟੇ ਜਹਾਜ਼ ਨੂੰ ਜ਼ਮੀਨ ‘ਤੇ ਡਿੱਗ ਜਾਣ ਉਪਰੰਤ ਅੱਗ ਲੱਗ ਜਾਣ ਦੀ ਖਬਰ ਹੈ, ਜਿਸ ਵਿਚ ਸਵਾਰ ਇਕ ਨਾਬਾਲਗ ਸਮੇਤ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫ.ਐੱਫ.ਏ.) ਅਨੁਸਾਰ ਦੋ ਇੰਜਣਾਂ ਵਾਲਾ ਆਈ.ਏ.ਆਈ. ਐਸਟਰਾ 1125 ਜਹਾਜ਼ ਹਾਟ ਸਪਰਿੰਗਜ (ਵਰਜੀਨੀਆ) ਵਿਚ ਇੰਗਾਲਸ ਫੀਲਡ ਹਵਾਈ ਅੱਡੇ ਨੇੜੇ ਬਾਅਦ ਦੁਪਹਿਰ 3 ਵਜੇ ਦੇ ਆਸ-ਪਾਸ ਡਿੱਗਾ। ਸਟੇਟ ਪੁਲਿਸ ਅਨੁਸਾਰ ਜਹਾਜ਼ ਦੇ ਮਾਲਕ ਦੇ ਵਕੀਲ ਤੇ ਪਰਿਵਾਰ ਦੇ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਵਿਅਕਤੀ ਹਾਟ ਸਪਰਿੰਗਜ ਵਿਚ ਸਥਿਤ ਹੋਮਸਟੈਡ ਰਿਜ਼ਾਰਟ ‘ਚ ਇਕ ਸਮਾਗਮ ਵਿਚ ਹਿੱਸਾ ਲੈਣ ਆਏ ਸਨ। ਵਰਜੀਨੀਆ ਸਟੇਟ ਪੁਲਿਸ ਦੇ ਬੁਲਾਰੇ ਕੋਰੀਨ ਗੈਲਰ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਜਹਾਜ਼ ਵਿਚ ਪਾਇਲਟ ਸਮੇਤ 5 ਲੋਕ ਸਵਾਰ ਸਨ, ਜੋ ਸਾਰੇ ਮੌਕੇ ਉਪਰ ਹੀ ਮਾਰੇ ਗਏ। ਘਟਨਾ ਦੀ ਜਾਂਚ ਐੱਫ.ਐੱਫ.ਏ. ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾ ਰਹੀ ਹੈ।