-ਸਾਰੇ ਯਾਤਰੀ ਤੇ ਮੁਲਾਜ਼ਮ ਸੁਰੱਖਿਅਤ
ਸੈਕਰਾਮੈਂਟੋ, 11 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਸਾਨ ਫਰਾਂਸਿਸਕੋ ਤੋਂ ਮੈਕਸੀਕੋ ਸਿਟੀ ਜਾ ਰਹੇ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਨੂੰ ਤਕਨੀਕੀ ਨੁਕਸ ਕਾਰਨ ਹੰਗਾਮੀ ਹਾਲਤ ‘ਚ ਲਾਸ ਏਂਜਲਸ ਵੱਲ ਮੋੜਨਾ ਪਿਆ, ਜਿਥੇ ਉਸ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਏਅਰਲਾਈਨਜ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਹਾਈਡਰੌਲਿਕ ਸਿਸਟਮ ਵਿਚ ਪਏ ਨੁਕਸ ਕਾਰਨ ਜਹਾਜ਼ ਨੂੰ ਹੰਗਾਮੀ ਹਾਲਤ ‘ਚ ਉਤਾਰਨਾ ਪਿਆ ਹੈ। ਏਅਰ ਲਾਈਨ ਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਨੁਸਾਰ ਏਅਰ ਬੱਸ 320 ਵਿਚ 105 ਯਾਤਰੀ ਤੇ 5 ਅਮਲੇ ਦੇ ਮੈਂਬਰ ਸਵਾਰ ਸਨ, ਜੋ ਸਾਰੇ ਸੁਰੱਖਿਅਤ ਹਨ। ਸਾਰੇ ਯਾਤਰੀਆਂ ਨੂੰ ਹੋਰ ਉਡਾਣਾਂ ਰਾਹੀਂ ਮੈਕਸੀਕੋ ਸਿਟੀ ਇੰਟਰਨੈਸ਼ਨਲ ਏਅਰਪੋਰਟ ਲਈ ਰਵਾਨਾ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਂਚ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੁਆਰਾ ਕੀਤੀ ਜਾਵੇਗੀ। ਇਕ ਹਫਤੇ ਵਿਚ ਯੂਨਾਈਟਿਡ ਏਅਰਲਾਈਨਜ਼ ਦਾ ਇਹ ਚੌਥਾ ਜਹਾਜ਼ ਹੈ, ਜਿਸ ਵਿਚ ਤਕਨੀਕੀ ਨੁਕਸ ਪਿਆ ਹੈ। ਇਕ ਜਹਾਜ਼ ਦਾ ਉਡਾਨ ਭਰਨ ਵੇਲੇ ਇਕ ਟਾਇਰ ਹੇਠਾਂ ਡਿੱਗ ਗਿਆ ਸੀ, ਜਦਕਿ ਇਕ ਜਹਾਜ਼ ਨੂੰ ਅਸਮਾਨ ਵਿਚ ਹੀ ਅੱਗ ਲੱਗ ਗਈ ਸੀ। ਇਕ ਹੋਰ ਜਹਾਜ਼ ਪੱਟੜੀ ਤੋਂ ਉਤਰ ਕੇ ਘਾਹ-ਫੂਸ ਵਾਲੇ ਖੇਤਰ ਵਿਚ ਚਲਾ ਗਿਆ ਸੀ। ਏਅਰਲਾਈਨਜ਼ ਨੇ ਕਿਹਾ ਹੈ ਕਿ ਇਹ ਸਾਰੀਆਂ ਘਟਨਾਵਾਂ ਵੱਖ-ਵੱਖ ਹਨ ਤੇ ਇਨ੍ਹਾਂ ਦਾ ਇਕ ਦੂਸਰੇ ਨਾਲ ਕੋਈ ਸਬੰਧ ਨਹੀਂ ਹੈ। ਏਅਰਲਾਈਨਜ਼ ਦੇ ਅਧਿਕਾਰੀਆਂ ਅਨੁਸਾਰ ਉਹ ਇਸ ਹਫਤੇ ਵਾਪਰੀ ਹਰ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਹਰ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯਾਤਰੀਆਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਸਾਡੀ ਉੱਚ ਤਰਜੀਹ ਹੈ।