#PUNJAB

ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ ਵਿਧੀਪੂਰਵਕ ਹੋਈ

ਪਟਿਆਲਾ, 5 ਮਾਰਚ (ਪੰਜਾਬ ਮੇਲ)- ਪੰਜਾਬੀ ਸੱਭਿਆਚਾਰ ਖਾਸ ਤੌਰ ‘ਤੇ ਸਿੱਖ ਇਤਿਹਾਸ ਨੂੰ ਚਿੱਤਰਾਂ ਨਾਲ ਦ੍ਰਿਸ਼ਟਾਂਤ ਕਰਨ ਵਾਲੇ ਸੁਪ੍ਰਸਿੱਧ ਮਰਹੂਮ ਚਿਤਰਕਾਰ ਤ੍ਰਿਲੋਕ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਸਪੁੱਤਰ ਇੰਜੀਨੀਅਰ ਜੋਤਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਦੇ ਨਾਮ ‘ਤੇ ਇੱਕ ਗੋਲਡ ਮੈਡਲ ਪੰਜਾਬੀ ਯੂਨੀਵਰਸਿਟੀ ਨੇ ਸਥਾਪਤ ਕੀਤਾ ਸੀ। ਇਹ ਗੋਲਡ ਮੈਡਲ ਐੱਮ.ਏ. ਫਾਈਨ ਆਰਟਸ ਵਿਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀ ਨੂੰ ਦੇਣ ਲਈ 2005 ਵਿਚ ਸਥਾਪਤ ਕੀਤਾ ਸੀ। ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ 28 ਫ਼ਰਵਰੀ, 2024 ਨੂੰ ਵਿਧੀਪੂਰਵਕ ਹੋਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪਰੋਹਿਤ ਨੇ ਕੀਤੀ ਸੀ। ਇਸ ਮੌਕੇ ‘ਤੇ ‘ਸ. ਤ੍ਰਿਲੋਕ ਸਿੰਘ ਗੋਲਡ ਮੈਡਲ’ ਐੱਮ.ਏ. ਫ਼ਾਈਨ ਆਰਟਸ ਦੇ ਪਹਿਲੇ ਨੰਬਰ ‘ਤੇ ਆਉਣ ਵਾਲੀ ਵਿਦਿਆਰਥਣ ਮਿਸ ਮੁਸਕਾਨ ਬਿਸ਼ਨੋਈ ਨੂੰ ਦਿੱਤਾ ਗਿਆ।