ਨਵੀਂ ਦਿੱਲੀ, 23 ਫ਼ਰਵਰੀ (ਪੰਜਾਬ ਮੇਲ)- ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨਾਲ ਜੁੜੇ ਖ਼ਾਤਿਆਂ ਅਤੇ ਪੋਸਟਾਂ ਬਲੌਕ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਨੇ ਭਾਰਤ ਸਰਕਾਰ ਦੇ ਹੁਕਮਾਂ ’ਤੇ ਅਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਖ਼ਾਤੇ ਅਤੇ ਪੋਸਟਾਂ ਬਲੌਕ ਕਰਨ ਦੀ ਕਾਰਵਾਈ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ। ਸੂਤਰਾਂ ਨੇ ਦੱਸਿਆ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੀ ਬੇਨਤੀ ’ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਜੁੜੇ 177 ਸੋਸ਼ਲ ਮੀਡੀਆ ਖ਼ਾਤਿਆਂ ਅਤੇ ਵੈੱਬ ਲਿੰਕਾਂ ਨੂੰ ਆਰਜ਼ੀ ਤੌਰ ’ਤੇ ਬਲੌਕ ਕਰਨ ਦੇ ਹੁਕਮ ਦਿੱਤੇ ਸਨ। ‘ਐਕਸ’ ਨੇ ਇਕ ਪੋਸਟ ’ਚ ਕਿਹਾ,‘‘ਭਾਰਤ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਐਕਸ ਨੂੰ ਖਾਸ ਖ਼ਾਤਿਆਂ ਅਤੇ ਪੋਸਟਾਂ ’ਤੇ ਕਾਰਵਾਈ ਕਰਨ ਦੀ ਲੋੜ ਜਤਾਈ ਹੈ। ਹੁਕਮਾਂ ਦੀ ਪਾਲਣਾ ਕਰਦਿਆਂ ਅਸੀਂ ਸਿਰਫ਼ ਭਾਰਤ ’ਚ ਹੀ ਇਨ੍ਹਾਂ ਖ਼ਾਤਿਆਂ ਅਤੇ ਪੋਸਟਾਂ ’ਤੇ ਰੋਕ ਲਗਾਵਾਂਗੇ। ਉਂਜ ਅਸੀਂ ਇਨ੍ਹਾਂ ਕਾਰਵਾਈਆਂ ਤੋਂ ਅਸਹਿਮਤ ਹਾਂ ਅਤੇ ਸਾਡਾ ਮੰਨਣਾ ਹੈ ਕਿ ਇਹ ਪੋਸਟਾਂ ਪ੍ਰਗਟਾਵੇ ਦੀ ਆਜ਼ਾਦੀ ਦੇ ਘੇਰੇ ’ਚ ਆਉਣੀਆਂ ਚਾਹੀਦੀਆਂ ਹਨ।’’ ਸੋਸ਼ਲ ਮੀਡੀਆ ਪਲੈਟਫਾਰਮ ਨੇ ਕਿਹਾ ਕਿ ਭਾਰਤ ਸਰਕਾਰ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਇਕ ਅਰਜ਼ੀ ਅਜੇ ਬਕਾਇਆ ਪਈ ਹੈ। ਉਨ੍ਹਾਂ ਪਾਰਦਰਸ਼ਤਾ ਵਧਾਉਣ ਲਈ ਇਸ ਹੁਕਮ ਨੂੰ ਜਨਤਕ ਕਰਨ ਦਾ ਸੱਦਾ ਦਿੱਤਾ ਹੈ। ਐਕਸ ਨੇ ਕਿਹਾ,‘‘ਕਾਨੂੰਨੀ ਮਜਬੂਰੀਆਂ ਕਾਰਨ ਅਸੀਂ ਹੁਕਮ ਪ੍ਰਕਾਸ਼ਿਤ ਨਹੀਂ ਕਰ ਸਕਦੇ ਹਾਂ ਪਰ ਸਾਡਾ ਮੰਨਣਾ ਹੈ ਕਿ ਇਨ੍ਹਾਂ ਨੂੰ ਜਨਤਕ ਕਰਨਾ ਪਾਰਦਰਸ਼ਤਾ ਲਈ ਜ਼ਰੂਰੀ ਹੈ। ਇਸ ਦਾ ਖ਼ੁਲਾਸਾ ਨਾ ਕਰਨ ਨਾਲ ਜਵਾਬਦੇਹੀ ਤੈਅ ਨਹੀਂ ਹੋਵੇਗੀ ਅਤੇ ਮਨਮਾਨੇ ਢੰਗ ਨਾਲ ਫ਼ੈਸਲੇ ਲਏ ਜਾ ਸਕਦੇ ਹਨ।’’