ਫਲੋਰੀਡਾ, 22 ਫਰਵਰੀ (ਪੰਜਾਬ ਮੇਲ)-ਰੌਬਰਟ ਡੂਬੋਇਸ ਨੇ ਆਪਣੀ ਜ਼ਿੰਦਗੀ ਦੇ 37 ਸਾਲ ਉਸ ਮਾਮਲੇ ਵਿਚ ਜੇਲ੍ਹ ਵਿਚ ਬਿਤਾਏ ਜਿਸ ਨੂੰ ਉਸ ਨੇ ਕਦੇ ਅੰਜਾਮ ਦਿੱਤਾ ਹੀ ਨਹੀਂ ਸੀ। ਰੌਬਰਟ ਨੂੰ 1983 ਵਿਚ ਬਲਾਤਕਾਰ ਅਤੇ ਕਤਲ ਦੇ ਇਕ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਮਾਮਲਾ ਅਮਰੀਕਾ ਦੇ ਫਲੋਰੀਡਾ ਦਾ ਹੈ। ਇਹ ਪਤਾ ਲੱਗਣ ‘ਤੇ ਕੀ ਰੌਬਰਟ ਨੇ ਇਹ ਅਪਰਾਧ ਕੀਤਾ ਹੀ ਨਹੀਂ ਸੀ ਤਾਂ ਹੁਣ ਉਸ ਨੂੰ ਮੁਆਵਜ਼ੇ ਵਜੋਂ 1.4 ਕਰੋੜ ਡਾਲਰ (116 ਕਰੋੜ ਰੁਪਏ) ਮਿਲਣਗੇ। ਰੌਬਰਟ ਇਸ ਸਮੇਂ 59 ਸਾਲ ਦਾ ਹੈ ਅਤੇ ਜਦੋਂ ਉਸ ਨੂੰ 19 ਸਾਲਾ ਬਾਰਬਰਾ ਗ੍ਰਾਮ ਦੇ ਕਤਲ ਦੇ ਮਾਮਲੇ ਵਿਚ 1983 ਵਿਚ ਮੌਤ ਦੀ ਸਜ਼ਾ ਹੋਈ ਸੀ ਤਾਂ ਉਦੋਂ ਉਹ 18 ਸਾਲ ਦਾ ਸੀ। ਹਾਲਾਂਕਿ ਬਾਅਦ ਵਿਚ ਉਸਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ, 2018 ਵਿਚ ਇਨੋਸੈਂਸ ਪ੍ਰੋਜੈਕਟ ਆਰਗੇਨਾਈਜ਼ੇਸ਼ਨ ਦੀ ਮਦਦ ਨਾਲ ਪ੍ਰੌਸੀਕਿਊਟਰਜ਼ ਇਸ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਹਿਮਤ ਹੋ ਗਏ। ਡੀ.ਐੱਨ.ਏ. ਟੈਸਟ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਕੋਈ ਹੋਰ ਦੋ ਵਿਅਕਤੀ ਸ਼ਾਮਲ ਸਨ। ਇਸ ਤੋਂ ਬਾਅਦ ਰੌਬਰਟ ਨੂੰ ਸਾਲ 2020 ‘ਚ ਰਿਹਾਅ ਕਰ ਦਿੱਤਾ ਗਿਆ।
ਰੌਬਰਟ ਨੇ ਜੇਲ੍ਹ ਵਿਚੋਂ ਬਾਹਰ ਆਉਂਦੇ ਹੀ ਟੈਂਪਾ ਸ਼ਹਿਰ, ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਇਕ ਫੋਰੈਂਸਿਕ ਡੈਂਟਿਸਟ ‘ਤੇ ਕੇਸ ਕਰ ਦਿੱਤਾ। ਇਸ ਫੋਰੈਂਸਿਕ ਡੈਂਟਿਸਟ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਪੀੜਤ ‘ਤੇ ਪਾਏ ਗਏ ਦੰਦਾਂ ਦੇ ਕੱਟਣ ਦੇ ਜੋ ਨਿਸ਼ਾਨ ਮਿਲੇ ਸਨ, ਉਹ ਰੌਬਰਟ ਦੇ ਦੰਦਾਂ ਦੇ ਸਨ। ਇਸ ਮਾਮਲੇ ‘ਚ ਫੈਸਲਾ 11 ਜਨਵਰੀ ਨੂੰ ਆ ਗਿਆ, ਪਰ ਟੈਂਪਾ ਸਿਟੀ ਕਾਊਂਸਿਲ ਨੇ ਅਧਿਕਾਰਤ ਤੌਰ ‘ਤੇ ਵੀਰਵਾਰ ਨੂੰ 1.4 ਕਰੋੜ ਡਾਲਰ ਦੇ ਮੁਆਵਜ਼ੇ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਮਾਮਲੇ ਵਿਚ ਉਸ ਦੀ ਨੁਮਾਇੰਦਗੀ ਸ਼ਿਕਾਗੋ-ਆਧਾਰਿਤ ਲੋਵੀ ਐਂਡ ਲੋਵੀ ਸਿਵਲ ਰਾਈਟਸ ਲਾਅ ਫਰਮ ਵੱਲੋਂ ਕੀਤੀ ਗਈ ਸੀ, ਜਿਸ ਨੇ ਦੇਸ਼ ਭਰ ਵਿਚ ਕਈ ਗਲਤ ਸਜ਼ਾ ਦੇ ਕੇਸਾਂ ਨੂੰ ਸੰਭਾਲਿਆ ਹੈ। ਲਾਅ ਫਰਮ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਮਿਸਟਰ ਰੌਬਰਟ ਨੂੰ ਹੋਏ ਨੁਕਸਾਨ ਦੀ ਇੱਕ ਸਵੀਕ੍ਰਿਤੀ ਹੈ, ਸਗੋਂ ਉਸ ਲਈ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦਾ ਇਕ ਮੌਕਾ ਵੀ ਹੈ।