ਨਿਊਯਾਰਕ, 19 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਏਜੰਟਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ ਐਰੀਜ਼ੋਨਾ ਵਿਚ ਇੱਕ ਸਟਾਪ ਦੌਰਾਨ ਇੱਕ ਕਲੋਨ ਨਕਲੀ ਬਾਰਡਰ ਪੈਟਰੋਲ ਵੈਨ ਮਿਲੀ। ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਵੈਨ ਨੂੰ ਉਨ੍ਹਾਂ ਦੇ ਵਾਹਨਾਂ ਵਾਂਗ ਹੀ ਦਿਸਣ ਲਈ ਪੇਂਟ ਕੀਤਾ ਗਿਆ ਸੀ। ਵਾਹਨ ਵਿਚ ਇੱਕ ਡਰਾਈਵਰ ਸਮੇਤ ਅਤੇ 11 ਲੋਕ ਸਵਾਰ ਸਨ, ਜਿਨ੍ਹਾਂ ਨੂੰ ਨਿਊਫੀਲਡ ਨੇੜੇ ਹਿਰਾਸਤ ਵਿਚ ਲਿਆ ਗਿਆ, ਜੋ ਸੈਨ ਮਿਗੁਏਲ ਤੋਂ ਸੱਤ ਮੀਲ ਦੀ ਦੂਰੀ ‘ਤੇ ਦੱਖਣ-ਪੂਰਬ ਦੇ ਵਿਚ ਹੈ।
ਇਨ੍ਹਾਂ ਲੋਕਾਂ ਨੂੰ ਪ੍ਰਵਾਸੀ ਮੰਨਿਆ ਜਾਂਦਾ ਹੈ, ਜੋ ਗੈਰ ਕਾਨੂੰਨੀ ਤੌਰ ‘ਤੇ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ। ਇਸ ਘਟਨਾ ਦੌਰਾਨ ਇੱਕ ਬਾਰਡਰ ਏਜੰਟ ‘ਤੇ ਹਮਲਾ ਕੀਤਾ ਗਿਆ, ਪਰ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਉਸ ਦੀ ਹਾਲਤ ਕਿੰਨੀ ਗੰਭੀਰ ਸੀ। ਬਾਰਡਰ ਪ੍ਰੋਟੈਕਸ਼ਨ ਏਜੰਸੀ ਦਾ ਕਹਿਣਾ ਹੈ ਕਿ ਫਰਜੀ ਬਾਰਡਰ ਪੈਟਰੋਲ ਵਾਹਨਾਂ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ। ਇਸੇ ਤਰ੍ਹਾਂ ਅਕਤੂਬਰ 2023 ਵਿਚ ਫਲੋਰਿਡਾ ਵਿਚ ਅਧਿਕਾਰੀਆਂ ਨੇ ਇੱਕ ਵਾਹਨ ਬਾਰੇ ਚਿਤਾਵਨੀ ਦਿੱਤੀ ਸੀ, ਜੋ ਕਾਨੂੰਨ ਲਾਗੂ ਕਰਨ ਦੀ ਨਕਲ ਕਰ ਰਿਹਾ ਸੀ।
ਡੀਸੋਟੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਲਾਲ ਅਤੇ ਨੀਲੀਆਂ ਫਲੈਸ਼ਿੰਗ ਲਾਈਟਾਂ ਨਾਲ ਲੈਸ ਇੱਕ ਚਿੱਟੇ ਚੇਵੀ ਸਿਲਵੇਰਾਡੋ ਟਰੱਕ ਨੂੰ ਇਸ ਖੇਤਰ ਵਿਚ ਕਈ ਵਾਰ ਦੇਖਿਆ ਗਿਆ ਸੀ। ਟਰੱਕ ਨੇ ਬਾਰਡਰ ਪੈਟਰੋਲ ਵਾਹਨ ਦੀ ਨਕਲ ਕੀਤੀ, ਪਰ ਇਸਦੀ ਬਜਾਏ ”ਬੂਟੀ ਪੈਟਰੋਲ” ਸ਼ਬਦ ਦਿਖਾਏ ਗਏ। ਇਸ ਤੋਂ ਇਲਾਵਾ, ਟਕਸਨ ਐਰੀਜੋਨਾ ਸੈਕਟਰ ਦੇ ਏਜੰਟਾਂ ਨੇ ਅਗਸਤ 2021 ਵਿਚ ਇੱਕ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਜਾਅਲੀ ਵਰਦੀਆਂ ਅਤੇ ਇੱਕ ਵਾਹਨ ਦੀ ਵਰਤੋਂ ਕਰ ਰਹੇ ਸਨ। ਇਸ ਘਟਨਾ ਦੇ ਸਬੰਧ ਵਿਚ ਇੱਕ ਡਰਾਈਵਰ ਅਤੇ ਸਥਾਈ ਕਾਨੂੰਨੀ ਦਰਜੇ ਦੀ ਘਾਟ ਵਾਲੇ 10 ਪ੍ਰਵਾਸੀਆਂ ਨੂੰ ਉਸ ਵੇਲੇ ਹਿਰਾਸਤ ਵਿਚ ਲਿਆ ਗਿਆ ਸੀ।