ਹਾਕੀ ਵਿਚ ਆਰ.ਸੀ.ਐੱਫ. ਅਤੇ ਪੰਜਾਬ ਯੂਨੀਵਰਸਿਟੀ ਜੇਤੂ, ਫੁੱਟਬਾਲ ਵਿਚ ਘਵੱਦੀ, ਕਬੱਡੀ ਵਿਚ ਭੀਖੀ, ਰੱਸਾਕਸ਼ੀ ਵਿਚ ਜਰਖੜ ਤੇ ਤੱਖਰਾਂ ਰਹੇ ਜੇਤੂ
ਫਾਈਨਲ ਅੱਜ, ਹਰਜੀਤ ਹਰਮਨ ਲੱਗੇਗਾ ਖੁੱਲ੍ਹਾ ਅਖਾੜਾ
ਲੁਧਿਆਣਾ, 10 ਫਰਵਰੀ (ਪੰਜਾਬ ਮੇਲ)- ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦਾ ਰੰਗਾਰੰਗ ਆਗਾਜ਼ ਹੋਇਆ। ਅੱਜ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਦਾ ਉਦਘਾਟਨ ਸਰਦਾਰ ਕੁਲਦੀਪ ਸਿੰਘ ਚਾਹਲ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕੀਤਾ। ਉਦਘਾਟਨੀ ਸਮਾਰੋਹ ਦੇ ਪ੍ਰਧਾਨਗੀ ਉਂਕਾਰ ਸਿੰਘ ਪਾਹਵਾ ਚੇਅਰਮੈਨ ਏਵਨ ਸਾਈਕਲ ਵਾਲਿਆਂ ਨੇ ਕੀਤੇ। ਇਸ ਮੌਕੇ ਉਨ੍ਹਾਂ ਨੇ ਜਰਖੜ ਖੇਡਾਂ ਦੇ ਜੇਤੂਆਂ ਨੂੰ 50 ਸਾਈਕਲ ਅਤੇ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਸਕੂਲਾਂ ਅਤੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਉਨ੍ਹਾਂ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਵੱਲੋਂ ਪੇਸ਼ ਕੀਤਾ ਸੱਭਿਆਚਾਰ ਪ੍ਰੋਗਰਾਮ ਵਿਲੱਖਣ ਸੀ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪੰਜਾਬੀ ਗੀਤਾਂ ‘ਤੇ ਆਪਣੀ ਕੋਰੀਓਗ੍ਰਾਫੀ ਨਾਲ ਦਰਸ਼ਕਾਂ ਦਾ ਮਨ ਮੋਹਿਆ। ਉਦਘਾਟਨੀ ਸਮਾਰੋਹ ਬੇਹੱਦ ਵਿਲੱਖਣ ਸੀ। ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਬੂਟਾ ਸਿੰਘ ਜੌਹਲ ਅਮਰੀਕਾ, ਦੇਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਸ਼ਿੰਗਾਰਾ ਸਿੰਘ ਜਰਖੜ, ਦਲਜੀਤ ਸਿੰਘ ਜਰਖੜ ਕੈਨੇਡਾ, ਸੁਭਾਸ਼ ਵਰਮਾ ਆਮ ਆਦਮੀ ਪਾਰਟੀ, ਬੂਟਾ ਸਿੰਘ ਗਿੱਲ, ਡਾਕਟਰ ਮਨਦੀਪ ਸਿੰਘ, ਹਰਦੀਪ ਸਿੰਘ ਸੈਣੀ, ਬਲਵੀਰ ਸਿੰਘ ਆਦਿ ਇਲਾਕੇ ਦੀਆਂ ਹੋਰ ਨਾਮੀ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਅੱਜ ਹਾਕੀ ਵਰਗ ਵਿਚ ਮੁੰਡਿਆਂ ਵਿਚ ਇਹ ਇੱਕ ਨੂਰ ਅਕੈਡਮੀ ਨੇ ਕਿਲ੍ਹਾ ਰਾਏਪੁਰ ਨੂੰ 8-0 ਨਾਲ, ਅਮਰਗੜ੍ਹ ਨੇ ਰੀਤੂ ਰਾਣੀ ਅਕੈਡਮੀ ਪਟਿਆਲਾ ਨੂੰ 6-2 ਨਾਲ ਜਦਕਿ ਕੁੜੀਆਂ ਦੇ ਵਰਗ ਵਿਚ ਅਮਰਗੜ੍ਹ ਅਕੈਡਮੀ ਨੇ ਰੀਤੂ ਰਾਣੀ ਪਟਿਆਲਾ ਨੂੰ 5-2 ਨਾਲ, ਪੀ.ਆਈ.ਐੱਸ. ਬਠਿੰਡਾ ਨੇ ਸ਼ਾਹਬਾਦ ਮਾਰਕੰਡਾ ਨੂੰ 4-1 ਨਾਲ, ਰੇਲ ਕੋਚ ਫੈਕਟਰੀ ਕਪੂਰਥਲਾ ਨੇ ਮੁੰਡੀਆਂ ਕਲਾ ਨੂੰ 5-0 ਨਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੁਧਿਆਣਾ ਕੋਚਿੰਗ ਸੈਂਟਰ ਨੂੰ 4-0 ਨਾਲ ਹਰਾ ਕੇ ਲੀਗ ਦੌਰ ਵਿਚ ਪ੍ਰਵੇਸ਼ ਕੀਤਾ। ਸੀਨੀਅਰ ਵਰਗ ਵਿਚ ਮਾਲਵਾ ਅਕੈਡਮੀ ਲੁਧਿਆਣਾ ਨੇ ਅਮਰਗੜ੍ਹ ਨੂੰ 9-8 ਨਾਲ, ਜਗਤਾਰ ਇਲੈਵਨ ਜਰਖੜ ਨੇ ਨੀਟਾ ਕਲੱਬ ਨੂੰ 6-4 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ।
ਇਸ ਤੋਂ ਇਲਾਵਾ ਖੇਡਾਂ ਦੇ ਹੋਏ ਫਾਈਨਲ ਮੁਕਾਬਲਿਆਂ ਵਿਚ ਫੁਟਬਾਲ 52 ਕਿਲੋ ਵਰਗ ਵਿਚ ਘਵੱਦੀ ਸਕੂਲ ਨੇ ਪਹਿਲਾਂ ਅਤੇ ਗਿੱਲ ਪਿੰਡ ਦੂਸਰਾ ਸਥਾਨ ਹਾਸਲ ਕੀਤਾ। ਜਦਕਿ ਸਕੂਲਾਂ ਦੇ ਰੱਸਾਕਸੀ ਮੁਕਾਬਲੇ ਵਿਚ ਜਰਖੜ ਸਕੂਲ ਨੇ ਪਹਿਲਾ ਸਥਾਨ ਅਤੇ ਜਰਖੜ ਅਕੈਡਮੀ ਨੇ ਦੂਸਰਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਵਰਗ ਵਿਚ ਰੱਸਾਕਸੀ ਦੇ ਫਾਈਨਲ ਵਿਚ ਮੁੰਡੀਆਂ ਸਕੂਲ ਨੇ ਪਹਿਲਾ ਸਥਾਨ ਅਤੇ ਮਲੇਨੀਅਮ ਵਰਲਡ ਸਕੂਲ ਰਣਜੀਤ ਐਵੀਨਿਊ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਪ੍ਰਾਇਮਰੀ ਸਕੂਲਾਂ ਵਿਚ ਭਿੱਖੀ ਤਖਰਾਂ ਨੇ ਪਹਿਲਾ ਸਥਾਨ ਹਰਨਾਮਪੁਰਾ ਨੇ ਦੂਸਰਾ ਸਥਾਨ ਹਾਸਲ ਕੀਤਾ। ਰੱਸਾਕਸੀ ਪ੍ਰਾਇਮਰੀ ਸਕੂਲ ਮੁਕਾਬਲਿਆਂ ਵਿਚ ਤਖਰਾ ਨੇ ਪਹਿਲਾ ਸਥਾਨ ਜਰਖੜ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਨਗਦ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਆ ਗਿਆ। ਇਸ ਮੌਕੇ ਡਾਵਰ ਕੰਪਨੀ ਵੱਲੋਂ ਖਿਡਾਰੀਆਂ ਨੂੰ ਵੱਡੇ ਪੱਧਰ ‘ਤੇ ਰਿਫਰੈਸ਼ਮੈਂਟ ਦਿੱਤੀ ਗਈ। ਜਰਖੜ ਖੇਡਾਂ ਦੇ ਫਾਈਨਲ ਮੁਕਾਬਲੇ ਭਲਕੇ ਹੋਣਗੇ, ਜਿਨ੍ਹਾਂ ਵਿਚ ਕਬੱਡੀ ਇੱਕ ਪਿੰਡ ਓਪਨ, ਕੁਸ਼ਤੀਆਂ, ਪ੍ਰਾਇਮਰੀ ਸਕੂਲਾਂ ਦੀ ਨੈਸ਼ਨਲ ਸਟਾਈਲ ਕਬੱਡੀ ਅਤੇ ਹਾਕੀ ਮੁੰਡੇ ਅਤੇ ਕੁੜੀਆਂ ਦੇ ਫਾਈਨਲ ਮੁਕਾਬਲੇ ਹੋਣਗੇ। ਇਸ ਮੌਕੇ ਲੋਕ ਗਾਇਕ ਹਰਜੀਤ ਹਰਮਨ ਦਾ ਖੁੱਲ੍ਹਾ ਅਖਾੜਾ ਲੱਗੇਗਾ। ਇਸ ਤੋਂ ਇਲਾਵਾ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਹੋਰ ਰਾਜਸੀ ਆਗੂ ਮਹਿਮਾਨ ਵਜੋਂ ਪੁੱਜਣਗੇ।