#AMERICA

ਅਮਰੀਕਾ ‘ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਭੇਦਭਰੀ ਮੌਤ

ਸੈਕਰਾਮੈਂਟੋ, 3 ਫਰਵਰੀ (ਹੁਸਨ ਲੜਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਵਿਚ ਇਕ ਹੋਰ ਭਾਰਤੀ ਵਿਦਿਆਰਥੀ ਸ਼੍ਰੇਯਸ ਰੈਡੀ ਮ੍ਰਿਤਕ ਹਾਲਤ ਵਿਚ ਮਿਲਿਆ ਹੈ। ਇਕ ਹਫਤੇ ਵਿਚ ਇਹ ਤੀਸਰਾ ਭਾਰਤੀ ਵਿਦਿਆਰਥੀ ਹੈ, ਜਿਸ ਦੀ ਮ੍ਰਿਤਕ ਦੇਹ ਮਿਲੀ ਹੈ। ਅਜੇ ਤੱਕ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰੈਡੀ ਲਿੰਡਰ ਸਕੂਲ ਆਫ ਬਿਜ਼ਨਸ ਦਾ ਵਿਦਿਆਰਥੀ ਸੀ। ਇੰਡੀਅਨ ਕੌਂਸਲੇਟ ਨਿਊਯਾਰਕ ਨੇ ਘਟਨਾ ਉਪਰ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਪਰਿਵਾਰ ਦੇ ਸੰਪਰਕ ਵਿਚ ਹੈ। ਕੌਂਸਲੇਟ ਨੇ ਇਕ ਪੋਸਟ ਵਿਚ ਲਿਖਿਆ ਹੈ ਕਿ ”ਓਹਾਇਓ ਵਿਚ ਭਾਰਤੀ ਵਿਦਿਆਰਥੀ ਸ਼੍ਰੇਯਸ ਰੈਡੀ ਬੇਨੀਗੇਰੀ ਦੀ ਬੇਵਕਤੀ ਮੌਤ ਉਪਰ ਗਹਿਰਾ ਅਫਸੋਸ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੌਂਸਲੇਟ ਨਿਰੰਤਰ ਪਰਿਵਾਰ ਦੇ ਸੰਪਰਕ ਵਿਚ ਹੈ ਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।” ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਹਫਤੇ ਵਿਵੇਕ ਸੈਣੀ ਤੇ ਨੀਲ ਅਚਾਰੀਆ ਨਾਮੀ ਭਾਰਤੀ ਵਿਦਿਆਰਥੀਆਂ ਦੀ ਭੇਦਭਰੀ ਮੌਤ ਹੋ ਚੁੱਕੀ ਹੈ। ਸ਼੍ਰੇਯਸ ਰੈਡੀ ਦੀ ਮੌਤ ਵੀ ਅਜੇ ਤੱਕ ਇਕ ਭੇਦ ਬਣੀ ਹੋਈ ਹੈ।