ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘਪਲਾ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫ਼ਤਾਰ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਦੀ ਜ਼ਮਾਨਤ ਅਰਜ਼ੀ ‘ਤੇ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਸੰਜੈ ਸਿੰਘ ਅਤੇ ਈ.ਡੀ. ਦੀਆਂ ਦਲੀਲਾਂ ਸੁਣੀਆਂ। ਸੰਜੈ ਸਿੰਘ ਨੇ ਇਸ ਆਧਾਰ ‘ਤੇ ਜ਼ਮਾਨਤ ਮੰਗੀ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਹਿਰਾਸਤ ਵਿਚ ਹੈ ਤੇ ਇਸ ਅਪਰਾਧ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਦੱਸੀ ਗਈ। ਜਾਂਚ ਏਜੰਸੀ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਸੰਜੈ ਸਿੰਘ ਨੀਤੀ ਦੀ 2021-22 ਦੀ ਮਿਆਦ ਦੌਰਾਨ ਦਿੱਲੀ ਆਬਕਾਰੀ ਘਪਲੇ ਤੋਂ ਪੈਦਾ ਹੋਈ ਅਪਰਾਧ ਦੀ ਆਮਦਨ ਨੂੰ ਪ੍ਰਾਪਤ ਕਰਨ, ਰੱਖਣ, ਛੁਪਾਉਣ, ਵਧਾਉਣ ਅਤੇ ਵਰਤਣ ਵਿਚ ਸ਼ਾਮਲ ਸੀ।