ਚੰਡੀਗੜ੍ਹ, 17 ਜਨਵਰੀ (ਪੰਜਾਬ ਮੇਲ)- ਉੱਤਰੀ ਭਾਰਤ ਵਿਚ ਸਰਦੀ ਜ਼ੋਰਾਂ ‘ਤੇ ਹੈ। ਕੜਾਕੇ ਦੀ ਠੰਡ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਸੰਘਣੀ ਧੁੰਦ ਅਤੇ ਘੱਟ ਵਿਜ਼ੀਬਲਿਟੀ ਕਾਰਨ ਹਵਾਈ ਉਡਾਣਾਂ ਵਿਚ ਵਿਘਨ ਪਿਆ ਹੈ, ਜਿਸ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਕਾਰਨ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਾਂ ਉਨ੍ਹਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਹਨ। ਹਵਾਈ ਅੱਡੇ ਯਾਤਰੀਆਂ ਨਾਲ ਭਰੇ ਹੋਏ ਹਨ ਅਤੇ ਲੋਕ ਘੰਟਿਆਂਬੰਧੀ ਉਡਾਣਾਂ ਦੀ ਉਡੀਕ ਕਰ ਰਹੇ ਹਨ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਘੱਟੋ-ਘੱਟ ਤਾਪਮਾਨ 4 ਡਿਗਰੀ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਅਤੇ ਠੰਡ ਕਾਰਨ ਸੜਕੀ ਤੇ ਰੇਲ ਆਵਾਜਾਈ ‘ਤੇ ਵੀ ਗਹਿਰਾ ਪ੍ਰਭਾਵ ਪਿਆ ਹੈ, ਜਿਸ ਕਾਰਨ ਬਹੁਤ ਸਾਰੇ ਹਾਦਸੇ ਵੀ ਹੋਏ ਹਨ। ਰੇਲ ਗੱਡੀਆਂ ਵੀ ਮਿੱਥੇ ਸਮੇਂ ਤੋਂ ਕਾਫੀ ਲੇਟ ਪਹੁੰਚ ਰਹੀਆਂ ਹਨ। ਪੰਜਾਬ ਸਰਕਾਰ ਨੇ ਸਕੂਲਾਂ ਵਿਚ ਬੱਚਿਆਂ ਦੀਆਂ ਛੁੱਟੀਆਂ ਠੰਡ ਕਾਰਨ ਹੋਰ ਵਧਾ ਦਿੱਤੀਆਂ ਹਨ।