#AMERICA

ਐੱਸ.ਐੱਫ.ਜੇ. ਵੱਲੋਂ ਸਾਨ ਫਰਾਂਸਿਸਕੋ ‘ਚ 28 ਜਨਵਰੀ ਨੂੰ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ

ਨਿਊਯਾਰਕ, 14 ਜਨਵਰੀ  (ਰਾਜ ਗੋਗਨਾ/ਪੰਜਾਬ ਮੇਲ)- ਸਿੱਖਸ ਫਾਰ ਜਸਟਿਸ ਨੇ ਪੰਜਾਬ ਨੂੰ ਭਾਰਤ ਤੋਂ ਵੱਖਰਾ ਦੇਸ਼ ਬਣਾਉਣ ਲਈ 28 ਜਨਵਰੀ ਨੂੰ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਚ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੈ। ਭਾਰਤ ਖ਼ਿਲਾਫ਼ ਸਾਜ਼ਿਸ਼ ਰੱਚਣ ਵਾਲੇ ਖਾਲਿਸਤਾਨੀਆਂ ਨੂੰ ਅਮਰੀਕਾ ਵੀ ਨਹੀਂ ਰੋਕ ਰਿਹਾ। ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਭਾਰਤ ‘ਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਬਣੇ ਹੋਏ ਸਨ। ਇਸ ਦੌਰਾਨ, ਕੈਲੀਫੋਰਨੀਆ ਵਿਚ ਹੋਣ ਵਾਲੀ ਕਥਿਤ ਰਾਏਸ਼ੁਮਾਰੀ ਕਾਰਨ ਸਬੰਧਾਂ ਦੇ ਪ੍ਰਭਾਵਿਤ ਹੋਣ ਦਾ ਡਰ ਹੈ, ਕਿਉਂਕਿ ਭਾਰਤ ਨੇ ਵੱਖਵਾਦ ਦਾ ਸਮਰਥਨ ਕਰਨ ਲਈ 2019 ਵਿਚ ਸਿੱਖਸ ਫਾਰ ਜਸਟਿਸ ਸੰਗਠਨ ‘ਤੇ ਪਾਬੰਦੀ ਲਗਾ ਦਿੱਤੀ ਸੀ।
ਸਾਨ ਫਰਾਂਸਿਸਕੋ ਵਿਚ 28 ਜਨਵਰੀ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 2021 ‘ਚ ਲੰਡਨ, ਜਿਨੇਵਾ ਅਤੇ ਸਵਿਟਜ਼ਰਲੈਂਡ, 2022 ‘ਚ ਇਟਲੀ, ਟੋਰਾਂਟੋ ਅਤੇ ਬਰੈਂਪਟਨ ਅਤੇ 2023 ‘ਚ ਆਸਟ੍ਰੇਲੀਆ ਦੇ ਮੈਲਬੋਰਨ ‘ਚ ਖਾਲਿਸਤਾਨ ਲਈ ਰਾਏਸ਼ੁਮਾਰੀ ਦਾ ਆਯੋਜਨ ਕੀਤਾ ਗਿਆ ਸੀ।