ਸਿਆਟਲ, 10 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ‘ਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸੱਚਾ ਮਾਰਗ ਐਬਰਨ ਵਿਚ ਟਰੱਕਾਂ ਵਾਲੇ ਭਰਾਵਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਗੁਰੂ ਘਰ ਦੇ ਕੀਰਤਨੀ ਜਥੇ ਭਾਈ ਕੁਲਵਿੰਦਰ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦੀ ਉਪਮਾ ਕੀਤੀ ਅਤੇ ਹਰਜਿੰਦਰ ਸਿੰਘ ਸਬਰਾਵਾਂ ਦੇ ਕਥਾ ਰਾਹੀਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਪਰਿਵਾਰ ਦੀਆਂ ਕੁਰਬਾਨੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਟਰੱਕ ਵਾਲੇ ਭਰਾਵਾਂ ਨੇ ਤਿੰਨੇ ਦਿਨ ਲੰਗਰਾਂ ਤੇ ਸ੍ਰੀ ਅਖੰਡ ਪਾਠ ਦੀ ਸੇਵਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ।
ਸਟੇਜ ਤੋਂ ਹਰਸ਼ਿੰਦਰ ਸਿੰਘ ਸੰਧੂ ਅਤੇ ਰਾਜਬੀਰ ਸਿੰਘ ਸੰਧੂ ਨੇ ਗੁਰਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਕੀਰਤਨੀ ਜਥਿਆਂ ਤੇ ਕਥਾਵਾਚਕਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਕੀਤੀ ਤੇ ਕੁਰਬਾਨੀਆਂ ਬਾਰੇ ਵਿਚਾਰ ਚਰਚਾ ਕੀਤੀ। ਅਖੀਰ ਵਿਚ ਟੈਕਸੀ ਵਾਲੇ ਵੀਰਾਂ ਨੇ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ।