#SPORTS

ਜਰਖੜ ਖੇਡਾਂ ਦੇ ਜੇਤੂਆਂ ਨੂੰ ਮਿਲਣਗੇ 60 ਏਵਨ Cycle : ਓਂਕਾਰ ਸਿੰਘ ਪਾਹਵਾ

-36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 19 ਤੋਂ 21 ਜਨਵਰੀ ਤੱਕ
ਲੁਧਿਆਣਾ, 8 ਜਨਵਰੀ (ਪੰਜਾਬ ਮੇਲ)- 6ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 19 ਤੋਂ 21 ਜਨਵਰੀ ਤੱਕ 6 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਵਿਖੇ ਹੋਣਗੀਆਂ। ਉਸਦੇ ਵੱਖ-ਵੱਖ ਖੇਡਾਂ ਵਿਚ ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ 60 ਸਾਇਕਲ ਦੇਵੇਗੀ। ਇਸ ਸਬੰਧੀ ਏਵਨ ਸਾਈਕਲ ਕੰਪਨੀ ਦੇ ਮਾਲਕ ਓਂਕਾਰ ਸਿੰਘ ਪਾਹਵਾ ਨੇ ਦੱਸਿਆ ਕਿ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਨੇ ਦੁਨੀਆਂ ਭਰ ਵਿਚ ਨਾਮਣਾ ਖੱਟਿਆ ਹੈ। ਇਸ ਕਰਕੇ ਏਵਨ ਸਾਈਕਲ ਕੰਪਨੀ ਹਰ ਸਾਲ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਜੇਤੂ ਖਿਡਾਰੀਆਂ ਨੂੰ ਵੱਡੇ ਪੱਧਰ ‘ਤੇ ਸਾਈਕਲ ਇਨਾਮ ਵਜੋਂ ਦਿੰਦੀ ਹੈ।
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਇਕ ਜ਼ਰੂਰੀ ਮੀਟਿੰਗ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਜਰਖੜ ਸਟੇਡੀਅਮ ਵਿਖੇ ਹੋਈ। ਮੀਟਿੰਗ ਵਿਚ ਜਰਖੜ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਦੇ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਹਾਕੀ ਮੁੰਡੇ ਤੇ ਕੁੜੀਆਂ, ਹਾਕੀ ਸਬ ਜੂਨੀਅਰ, ਕਬੱਡੀ ਨਾਇਬ ਸਿੰਘ ਗਰੇਵਾਲ ਕਬੱਡੀ ਕੱਪ ਜਿਸ ਵਿਚ ਨਾਮੀ 24 ਟੀਮਾਂ ਹਿੱਸਾ ਲੈਣਗੀਆਂ ਤੋਂ ਇਲਾਵਾ ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਕੱਪ, ਬਚਨ ਸਿੰਘ ਮੰਡੋਰ ਕੁਸ਼ਤੀ ਕੱਪ ਤੋਂ ਇਲਾਵਾ ਵੱਖ-ਵੱਖ ਸਕੂਲਾਂ ਨਾਲ ਸੰਬੰਧਿਤ ਖੇਡਾਂ ਜਿਨ੍ਹਾਂ ਵਿਚ ਰੱਸਾਕਸੀ, ਐਥਲੈਟਿਕਸ, ਸਕੂਲੀ ਕਬੱਡੀ ਅਤੇ ਹੋਰ ਖੇਡਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ। 21 ਜਨਵਰੀ ਨੂੰ ਲੋਕ ਗਾਇਕ ਹਰਜੀਤ ਹਰਮਨ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਦੇ ਰੂਬਰੂ ਹੋਵੇਗਾ। ਇਸ ਤੋਂ ਇਲਾਵਾ ਜਰਖੜ ਖੇਡਾਂ ਦੇ ਫਾਈਨਲ ਸਮਰੋਹ ‘ਤੇ ਖੇਡ ਜਗਤ ਅਤੇ ਸਮਾਜ ਸੇਵੀ ਉੱਘੀਆਂ ਪੰਜ ਸ਼ਖਸੀਅਤਾਂ ਦਾ ਵਿਸ਼ੇਸ਼ ਅਵਾਰਡਾਂ ਨਾਲ ਸਨਮਾਨ ਹੋਵੇਗਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਬਲਵੀਰ ਸਿੰਘ ਹੀਰ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਹਿਲਵਾਨ ਹਰਮੇਲ ਸਿੰਘ ਕਾਲਾ, ਤਜਿੰਦਰ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪ੍ਰਗਟ, ਐਡਵੋਕੇਟ ਸਮਿਤ ਸਿੰਘ, ਜਸਮੇਲ ਸਿੰਘ ਨੌਕਵਾਲ, ਰਜਿੰਦਰ ਸਿੰਘ ਜਰਖੜ, ਸਾਹਿਬ ਜੀਤ ਸਿੰਘ ਸਾਬੀ ਜਰਖੜ, ਪਰਮਜੀਤ ਸਿੰਘ ਪੰਮਾ ਕੋਚ, ਗੁਰਤੇਜ ਸਿੰਘ ਬਾਕਸਿੰਗ ਕੋਚ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।