#PUNJAB

ਲੁਧਿਆਣਾ ਜੇਲ੍ਹ ‘ਚ ਕੈਦੀਆਂ ਨੇ ਲਾਏ ਠੁਮਕੇ! ਜਨਮ ਦਿਨ ਪਾਰਟੀ ਦੀ ਵੀਡੀਓ ਵਾਇਰਲ

ਚੰਡੀਗੜ੍ਹ, 5 ਜਨਵਰੀ (ਪੰਜਾਬ ਮੇਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਕੈਦੀਆਂ ਕੋਲ ਮੋਬਾਈਲ ਪਹੁੰਚਣ ਅਤੇ ਸੋਸ਼ਲ ਮੀਡੀਆ ‘ਤੇ ਪੋਸਟਾਂ ਰੋਕਣ ‘ਚ ਪੂਰੀ ਤਰ੍ਹਾਂ ਨਾਕਾਮ ਨਜ਼ਰ ਆ ਰਹੀ ਹੈ। ਹੁਣ ਤਾਜ਼ਾ ਮਾਮਲੇ ਵਿੱਚ ਲੁਧਿਆਣਾ ਕੇਂਦਰੀ ਜੇਲ੍ਹ ਸੁਰਖੀਆਂ ‘ਚ ਆਈ ਹੈ, ਜਿਥੇ ਕੈਦੀਆਂ ਕੋਲੋਂ ਪੰਜ ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋਏ, ਉਥੇ ਕੈਦੀਆਂ ਵੱਲੋਂ ਜਨਮ ਦਿਨ ਪਾਰਟੀ ਮਨਾਉਂਦੇ ਹੋਏ ਠੁਮਕੇ ਲਾਉਣ ਦੀ ਵੀਡੀਓ ਸਾਹਮਣੇ ਆਈ ਹੈ।

ਲੁਧਿਆਣਾ ਜੇਲ੍ਹ ਦੇ ਮਾਮਲੇ ਤੋਂ ਪਹਿਲਾਂ ਫਿਰੋਜ਼ਪੁਰ ਜੇਲ੍ਹ, ਬਠਿੰਡਾ ਜੇਲ੍ਹ, ਗੁਰਦਾਸਪੁਰ ਜੇਲ੍ਹ ਵਿਚੋਂ ਵੀ ਮੋਬਾਈਲ ਮਿਲ ਚੁੱਕੇ ਹਨ। ਕੈਦੀਆਂ ਕੋਲੋਂ ਲੁਧਿਆਣਾ ਜੇਲ੍ਹ ਵਿਚੋਂ ਮੋਬਾਈਲ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜੇਲ੍ਹ ਅੰਦਰਲੀ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀ ਸਾਫ ਦੇਖ ਸਕਦੇ ਹੋ ਕਿ ਕਿਵੇਂ ਹਵਾਲਾਤੀ ਤੇ ਕੈਦੀ ਇਕੱਠੇ ਹੋ ਕੇ ਧੂਮ ਮਚਾ ਰਹੇ ਹਨ ਅਤੇ ਠੁਮਕੇ ਲਾਉਂਦੇ ਨਜ਼ਰ ਆ ਰਹੇ ਹਨ। ਸਾਰੇ ਇੱਕ-ਦੂਜੇ ਦੇ ਗਲਾਸਾਂ ਨਾਲ ਗਲਾਸ ਟਕਰਾਉਂਦੇ ਹੋਏ ਚੀਅਰਸ ਕਰ ਰਹੇ ਹਨ।

ਕੇਂਦਰੀ ਜੇਲ੍ਹ ਵਿੱਚ ਹੋਈ ਹਵਾਲਾਤੀਆਂ ਅਤੇ ਕੈਦੀਆਂ ਦੀ ਇਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ‘ਚ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹਨ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਮੋਬਾਇਲ ਫੋਨ ਜਾਂ ਬੰਦਿਆਂ ਵਲੋਂ ਪਾਰਟੀਆਂ ਹੋਣ ‘ਤੇ ਰੋਕ ਲਗਾਉਣ ਦੇ ਦਾਅਵੇ ਕਰਦੀ ਹੈ, ਪਰ ਲੁਧਿਆਣਾ ਦੀ ਜੇਲ੍ਹ ਦੇ ਅੰਦਰੋਂ ਇਸ ਵਾਇਰਲ ਵੀਡੀਓ ਨੇ ਇਹ ਸਾਬਿਤ ਜ਼ਰੂਰ ਕਰ ਦਿੱਤਾ ਕਿ ਕਿਸ ਤਰ੍ਹਾਂ ਨਾਲ ਹਵਾਲਾਤੀ ਅਤੇ ਕੈਦੀ ਜੇਲ੍ਹਾਂ ਵਿੱਚ ਲਗਜ਼ਰੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਜੇਲ ਪ੍ਰਸ਼ਾਸਨ ਵੱਲੋਂ ਹਵਾਲਾਤੀਆਂ ਅਤੇ ਕੁਝ ਕੈਦੀਆਂ ਦੇ ਚਾਹੇ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ ਕਰ ਦਿੱਤਾ, ਪਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਹਵਾਲਾਤੀ ਨੇ ਆਪਣੇ ਮੋਬਾਇਲ ਤੋਂ ਇਹ ਵੀਡੀਓ ਬਣਾਈ ਸੀ, ਹਵਾਲਾਤੀ ਨੇ ਉਸ ਮੋਬਾਇਲ ਨੂੰ ਤੋੜ ਦਿੱਤਾ।

ਜੇਲ੍ਹਾਂ ਨੂੰ ਰੋਕਣ ‘ਚ ਸਰਕਾਰ ਕਿਵੇਂ ਨਾਕਾਮ ਸਾਬਤ ਹੋ ਰਹੀ ਹੈ, ਇਸ ਦੀ ਉਦਾਹਰਨ ਪਹਿਲਾਂ ਫਿਰੋਜ਼ਪੁਰ ਜੇਲ੍ਹ ‘ਚ ਮੋਬਾਈਲ ਦੇ ਮਾਮਲੇ ‘ਚ ਵੇਖਣ ਨੂੰ ਮਿਲਿਆ, ਜਿਸ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸਖਤ ਝਾੜ ਲਾਈ ਸੀ। ਹਾਈਕੋਰਟ ਨੇ ਜਿਥੇ ਨੋਟਿਸ ਜਾਰੀ ਕੀਤਾ ਸੀ, ਉਥੇ ਜੇਲ੍ਹ ਵਿਚੋਂ ਮੋਬਾਈਲ ਮਿਲਣ ‘ਤੇ ਸੁਪਰਡੈਂਟ ਨੂੰ ਵੀ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪਰ ਸਰਕਾਰ ਉਸ ਮਾਮਲੇ ਤੋਂ ਕੋਈ ਸਬਕ ਲੈਂਦੀ ਨਜ਼ਰ ਨਹੀਂ ਆ ਰਹੀ ਹੈ।