#CANADA

ਬਰੈਂਪਟਨ ਤੇ ਮਿਸੀਸਾਗਾ ਸਕੂਲਾਂ ਨੂੰ ਸ਼ੂਟਿੰਗ ਸਬੰਧੀ ਮਿਲ ਰਹੀਆਂ ਧਮਕੀਆਂ ਦੀ ਜਾਂਚ ਕਰ ਰਹੀ ਹੈ ਪੁਲਿਸ

ਬਰੈਂਪਟਨ, 9 ਮਾਰਚ (ਪੰਜਾਬ ਮੇਲ)- ਮਿਸੀਸਾਗਾ ਤੇ ਬਰੈਂਪਟਨ ਦੇ ਕਈ ਹਾਈ ਸਕੂਲਾਂ ਨੂੰ ਸ਼ੂਟਿੰਗ ਸਬੰਧੀ ਮਿਲੀਆਂ ਆਨਲਾਈਨ ਧਮਕੀਆਂ ਦੇ ਮਾਮਲੇ ਦੀ ਪੀਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਦਿੱਤੀਆਂ ਗਈਆਂ ਇਨ੍ਹਾਂ ਧਮਕੀਆਂ ਬਾਰੇ ਪਿਛਲੇ ਹਫਤੇ ਪਤਾ ਲੱਗਿਆ। ਇਹ ਧਮਕੀਆਂ ਅਜਿਹੇ ਸ਼ਖ਼ਸ ਵੱਲੋਂ ਦਿੱਤੀਆਂ ਗਈਆਂ ਹਨ ਜਿਹੜਾ ਆਖ ਰਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਪੀਲ ਰੀਜਨ ਦੇ ਛੇ ਸੈਕੰਡਰੀ ਸਕੂਲਾਂ ਵਿਚ ਜਾਵੇਗਾ ਤੇ ਸ਼ੂਟਿੰਗ ਨੂੰ ਅੰਜਾਮ ਦੇਵੇਗਾ। ਜਿਨ੍ਹਾਂ ਸਕੂਲਾਂ ਨੂੰ ਇਹ ਧਮਕੀ ਮਿਲੀ ਹੈ ਉਨ੍ਹਾਂ ਵਿਚ ਹੋਲੀ ਨੇਮ ਆਫ ਮੇਰੀ ਸੈਕੰਡਰੀ ਸਕੂਲ, ਲੂਈ ਆਰਬਰ ਸੈਕੰਡਰੀ ਸਕੂਲ, ਸੇਂਟ ਥਾਮਸ ਐਕੁਈਨਾਸ ਸੈਕੰਡਰੀ ਸਕੂਲ, ਨੌਤਰੇ ਡੇਮ ਸੈਕੰਡਰੀ ਸਕੂਲ, ਚਿੰਗੁਆਕਸੇ ਸੈਕੰਡਰੀ ਸਕੂਲ ਤੇ ਅਸੈਨਸਨ ਆਫ ਆਰ ਲੌਰਡ ਸੈਕੰਡਰੀ ਸਕੂਲ ਸ਼ਾਮਲ ਹਨ।
ਪੁਲਿਸ ਨੇ ਆਖਿਆ ਕਿ ਉਹ ਇਨ੍ਹਾਂ ਧਮਕੀਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸ ਲਈ ਉਸ ਵੱਲੋਂ ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਅਧਿਕਾਰੀਆਂ ਨਾਲ ਸੇਫਟੀ ਪਲੈਨਜ਼ ਤੇ ਰਣਨੀਤੀ ਵੀ ਉਲੀਕੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਆਖਿਆ ਕਿ ਉਹ ਇਨ੍ਹਾਂ ਧਮਕੀਆਂ ਦੇ ਸਰੋਤ ਦਾ ਪਤਾ ਲਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।

Leave a comment