#PUNJAB

ਪੰਜਾਬ ਦੇ ਸੰਸਦ ਮੈਂਬਰਾਂ ਦੀ 4 ਸਾਲਾਂ ‘ਚ ਰਹੀ ਸਿਰਫ 17 ਫੀਸਦੀ ਹਾਜ਼ਰੀ

– 2019 ਤੋਂ ਹੁਣ ਤੱਕ ਸਿਰਫ ਚਾਰ ਸਵਾਲ ਪੁੱਛੇ
ਚੰਡੀਗੜ੍ਹ, 28 ਦਸੰਬਰ (ਪੰਜਾਬ ਮੇਲ)-ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਲੋਕ ਸਭਾ ਵਿਚ ਅੱਜ ਤੱਕ ਆਪਣੇ ਹਲਕੇ ਦੀਆਂ ਮੰਗਾਂ ਤੇ ਮਸਲਿਆਂ ਬਾਰੇ ਕਦੇ ਮੂੰਹ ਤੱਕ ਨਹੀਂ ਖੋਲ੍ਹਿਆ ਹੈ। ਉਨ੍ਹਾਂ ਕਦੇ ਵੀ ਕਿਸੇ ਬਹਿਸ ਵਿਚ ਹਿੱਸਾ ਨਹੀਂ ਲਿਆ। ਇਥੋਂ ਤੱਕ ਕੇ ਉਨ੍ਹਾਂ ਨੇ ਸੈਸ਼ਨ ਦੌਰਾਨ ਸੰਸਦ ਦਾ ਬਹੁਤਾ ਗੇੜਾ ਵੀ ਨਹੀਂ ਲਾਇਆ। ਸੰਸਦ ਦੀ ਨਵੀਂ ਬਣੀ ਇਮਾਰਤ ਵਿਚ ਸਿਰਫ਼ ਉਹ ਇਕ ਦਿਨ ਹੀ ਆਏ ਹਨ। ਸੰਸਦ ਦੇ ਬੀਤੇ ਸਰਦ ਰੁੱਤ ਸੈਸ਼ਨ ਵਿਚ ਉਨ੍ਹਾਂ ਦੀ ਸਿਰਫ਼ ਇਕ ਦਿਨ ਦੀ ਹਾਜ਼ਰੀ ਬਣਦੀ ਹੈ।
17ਵੀਂ ਲੋਕ ਸਭਾ ਦਾ ਇਹ ਆਖ਼ਰੀ ਸਰਦ ਰੁੱਤ ਸੈਸ਼ਨ ਹੈ ਅਤੇ ਪਹਿਲੀ ਜੂਨ 2019 ਤੋਂ ਹੁਣ ਤੱਕ ਸੰਸਦ ਦੇ ਸੈਸ਼ਨ ਵਿਚ ਹਾਜ਼ਰੀ ਦੀ ਕੌਮੀ ਔਸਤ 79 ਫ਼ੀਸਦੀ ਬਣਦੀ ਹੈ, ਜਦੋਂਕਿ ਪੰਜਾਬ ਦੀ ਔਸਤ 70 ਫ਼ੀਸਦੀ ਬਣਦੀ ਹੈ। ਸੰਸਦ ਮੈਂਬਰ ਸੰਨੀ ਦਿਓਲ ਦੀ ਹੁਣ ਤੱਕ ਦੀ ਹਾਜ਼ਰੀ ਦਰ ਸਿਰਫ 17 ਫ਼ੀਸਦ ਹੈ। ਬਹਿਸ ਦੀ ਕੌਮੀ ਔਸਤ 45.1 ਫ਼ੀਸਦ ਅਤੇ ਪੰਜਾਬ ਦੀ ਔਸਤ 37.5 ਫ਼ੀਸਦ ਰਹੀ ਹੈ। ਸਵਾਲ ਪੁੱਛਣ ਦੀ ਕੌਮੀ ਔਸਤ 204 ਸਵਾਲਾਂ ਅਤੇ ਪੰਜਾਬ ਦੀ ਔਸਤ 106 ਸਵਾਲਾਂ ਦੀ ਰਹੀ ਹੈ।
ਉਧਰ, ਸੰਨੀ ਦਿਓਲ ਨੇ ਇੰਨੇ ਸਾਲਾਂ ਵਿਚ ਸਿਰਫ਼ ਚਾਰ ਸਵਾਲ ਹੀ ਪੁੱਛੇ ਹਨ। ਹਲਕਾ ਗੁਰਦਾਸਪੁਰ ਵਿਚੋਂ ਵੀ ਸੰਨੀ ਦਿਓਲ ਦੀ ਗ਼ੈਰ-ਹਾਜ਼ਰੀ ਕਿਸੇ ਤੋਂ ਭੁੱਲੀ ਨਹੀਂ ਹੈ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਹਨ ਜਿਨ੍ਹਾਂ ਨੇ ਬੀਤੇ ਸਰਦ ਰੁੱਤ ਸੈਸ਼ਨ ਵਿਚ ਸਿਰਫ ਤਿੰਨ ਦਿਨ ਹੀ ਸੰਸਦ ਵਿਚ ਹਾਜ਼ਰੀ ਭਰੀ ਹੈ, ਜਦੋਂਕਿ 11 ਦਿਨ ਗ਼ੈਰ-ਹਾਜ਼ਰ ਰਹੇ ਹਨ। ਸੁਖਬੀਰ ਬਾਦਲ ਦੀ ਪਹਿਲੀ ਜੂਨ 2019 ਤੋਂ ਹੁਣ ਤੱਕ ਦੀ ਲੋਕ ਸਭਾ ਵਿਚ ਹਾਜ਼ਰੀ ਕਰੀਬ 20 ਫ਼ੀਸਦੀ ਹੀ ਰਹੀ ਹੈ। ਤੀਜੇ ਨੰਬਰ ‘ਤੇ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਹਨ, ਜਿਹੜੇ ਕਿ ਬੀਤੇ ਸਰਦ ਰੁੱਤ ਸੈਸ਼ਨ ਵਿਚ ਚਾਰ ਦਿਨ ਹੀ ਸੰਸਦ ਆਏ ਹਨ। ਐਤਕੀਂ ਸਰਦ ਰੁੱਤ ਸੈਸ਼ਨ ਵਿਚ ਸਭ ਤੋਂ ਵੱਧ ਹਾਜ਼ਰੀ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਰਹੀ ਹੈ, ਜੋ ਕਿ ਸੈਸ਼ਨ ਵਿਚ 13 ਦਿਨ ਹਾਜ਼ਰ ਰਹੇ। ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ 11 ਦਿਨ ਹਾਜ਼ਰ ਰਹੇ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬੀਤੇ ਸੈਸ਼ਨ ਵਿਚ ਸਿਰਫ਼ ਛੇ ਦਿਨ ਹਾਜ਼ਰ ਰਹੇ ਹਨ ਪਰ ਉਨ੍ਹਾਂ ਨੇ ਇਸ ਦੌਰਾਨ ਪੰਜਾਬ ਦੇ ਸੰਸਦ ਮੈਂਬਰਾਂ ਵਿਚੋਂ ਸਭ ਤੋਂ ਵੱਧ 20 ਦਸੰਬਰ ਨੂੰ ਸਰਕਾਰੀ ਬਿੱਲ ‘ਤੇ 17 ਮਿੰਟ ਬੋਲਿਆ ਸੀ ਜਦੋਂਕਿ ਮਨੀਸ਼ ਤਿਵਾੜੀ 16 ਮਿੰਟ ਬੋਲੇ ਸਨ। ਸੰਸਦ ਮੈਂਬਰ ਪਰਨੀਤ ਕੌਰ 12 ਦਿਨ ਹਾਜ਼ਰ ਰਹੇ ਜਦੋਂਕਿ ਰਵਨੀਤ ਬਿੱਟੂ, ਜਸਬੀਰ ਗਿੱਲ, ਗੁਰਜੀਤ ਔਜਲਾ ਅਤੇ ਡਾ. ਅਮਰ ਸਿੰਘ ਦੀ ਸੈਸ਼ਨ ਵਿਚ ਹਾਜ਼ਰੀ 10-10 ਦਿਨ ਦੀ ਰਹੀ ਹੈ। ਜ਼ਿਕਰਯੋਗ ਹੈ ਕਿ ਸਰਦਰੁੱਤ ਸੈਸ਼ਨ 4 ਤੋਂ 21 ਦਸੰਬਰ ਤੱਕ ਚੱਲਿਆ ਹੈ ਅਤੇ ਇਸ ਦੌਰਾਨ ਸੈਸ਼ਨ ਦੀਆਂ 14 ਬੈਠਕਾਂ ਹੋਈਆਂ ਹਨ।

ਰਾਜ ਸਭਾ ਵਿਚ ਹਰਭਜਨ ਸਿੰਘ ਦਾ ਸਿਰਫ਼ ਇਕ ‘ਚੌਕਾ’
ਰਾਜ ਸਭਾ ਮੈਂਬਰਾਂ ਵਿਚੋਂ ਹਰਭਜਨ ਸਿੰਘ ਸਿਰਫ਼ ਚਾਰ ਦਿਨ ਹੀ ਸੈਸ਼ਨ ਵਿਚ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਪੰਜ ਦਿਨਾਂ ਦੀ ਛੁੱਟੀ ਲਈ ਹੋਈ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਸੈਸ਼ਨ ਦੌਰਾਨ 10-10 ਦਿਨ ਹਾਜ਼ਰ ਰਹੇ ਅਤੇ ਸੀਚੇਵਾਲ ਨੇ ਤਿੰਨ ਦਿਨਾਂ ਦੀ ਬਕਾਇਆ ਛੁੱਟੀ ਲਈ ਹੋਈ ਸੀ। ਰਾਘਵ ਚੱਢਾ ਅਤੇ ਸੰਜੀਵ ਅਰੋੜਾ ਦੀ ਹਾਜ਼ਰੀ 14-14 ਦਿਨਾਂ ਅਤੇ ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਦੀ ਹਾਜ਼ਰੀ 13-13 ਦਿਨਾਂ ਦੀ ਰਹੀ ਹੈ।