ਇਤਿਹਾਸ ਸਾਨੂੰ ਅਣਖ ਨਾਲ ਜਿਉਣਾ ਸਿਖਾਉਂਦਾ ਹੈ : ਗਿਆਨੀ ਹਰਪ੍ਰੀਤ ਸਿੰਘ
ਨਵੀਂ ਦਿੱਲੀ, 26 ਦਸੰਬਰ (ਪੰਜਾਬ ਮੇਲ)- ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦੇਣ ਲਈ ਗੁਰਦੁਆਰਾ ਸੱਤ ਭਾਈ ਗੋਲਾ ਜੀ, ਮੋਤੀ ਨਗਰ ਵੱਲੋਂ ਇਤਿਹਾਸਕ ਪ੍ਰੋਗਰਾਮ ਉਲੀਕਿਆ ਗਿਆ।
ਕਮਿਊਨਿਟੀ ਸੈਂਟਰ, ਮੋਤੀ ਨਗਰ ਵਿਖੇ ”ਚਾਂਦਨੀ ਚੌਕ ਤੋਂ ਸਰਹਿੰਦ ਤੱਕ” ਨਾਮ ਦੇ ਹੋਏ ‘ਲਾਈਟ ਐਂਡ ਸਾਊਂਡ ਸ਼ੋਅ’ ਰਾਹੀਂ ਸਿੱਖ ਇਤਿਹਾਸ ਨੂੰ ਅਤਿ-ਆਧੁਨਿਕ ਢੰਗ ਨਾਲ ਪੇਸ਼ ਕੀਤਾ ਗਿਆ। ਪੰਜਾਬੀ ਰੰਗਮੰਚ, ਪਟਿਆਲਾ ਦੇ ਕਲਾਕਾਰਾਂ ਨੇ ਗੁਰਮਤਿ ਦੀ ਰੋਸ਼ਨੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਤ ਨਿਯਮਾਂ ਤਹਿਤ ਵਿਲੱਖਣ ਸਿੱਖ ਇਤਿਹਾਸ ਨੂੰ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਇਤਿਹਾਸ ਖੋਜਕਰਤਾ ਤੇ ਸਿੱਖ ਚਿੰਤਕ ਡਾ: ਅਨੁਰਾਗ ਸਿੰਘ ਅਤੇ ਪ੍ਰਚਾਰਕ ਭਾਈ ਹਿਰਦੇਜੀਤ ਸਿੰਘ ਨੇ ਇਨ੍ਹਾਂ ਮਹਾਨ ਸ਼ਹਾਦਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਜੰਗ ਵਰਗੀ ਦੂਜੀ ਜੰਗ ਨਾ ਕਦੇ ਇਤਿਹਾਸ ਵਿਚ ਕਦੇ ਹੋਈ ਹੈ ਅਤੇ ਨਾ ਹੋਣ ਦੀ ਸੰਭਾਵਨਾ ਹੈ। ਕਿਉਂਕਿ ਇਸ ਜੰਗ ਵਿਚ ਇੱਕ ਪਾਸੇ 10 ਲੱਖ ਫੌਜ ਸੀ ਤੇ ਦੂਜੇ ਪਾਸੇ ਸਿਰਫ 40 ਸਿੱਖ। ਇਸ ਲਈ ਸਾਨੂੰ ਇਤਿਹਾਸ ਦੇ ਨਕਸ਼ੇ ਤੋਂ ਗਾਇਬ ਹੋਣ ਦੀ ਬਜਾਏ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜਿਵੇਂ ਗੁਰਬਾਣੀ ਸਾਨੂੰ ਸਬਕ ਸਿਖਾਉਂਦੀ ਹੈ, ਉਵੇਂ ਇਤਿਹਾਸ ਵੀ ਸਾਨੂੰ ਸੇਧ ਦਿੰਦਾ ਹੈ। ਇਸ ਕਰਕੇ ਸਾਨੂੰ ਇਤਿਹਾਸ ਸਮਝਣਾ ਸਮੇਂ ਦੀ ਵੱਡੀ ਲੋੜ ਹੈ। ਇਤਿਹਾਸ ਸਮਝ ਕੇ ਸਾਨੂੰ ਚੰਗੇ-ਮਾੜੇ ਦਾ ਫ਼ਰਕ ਕਰਨਾ ਆ ਜਾਵੇਗਾ। ਇਤਿਹਾਸ ਸਾਨੂੰ ਰਾਜਨੀਤੀ ਤੇ ਅਣਖ ਨਾਲ ਜਿਉਣਾ ਸਿਖਾਉਂਦਾ ਹੈ, ਇਤਿਹਾਸ ਸਾਨੂੰ ਡਿੱਗਣ ਨਹੀਂ ਦਿੰਦਾ। ਇਸ ਲਈ ਇਤਿਹਾਸ ਪੜ੍ਹਣਾ, ਸੁਨਣਾ ਤੇ ਬੋਲਣਾ ਸਮੇਂ ਦੀ ਲੋੜ ਹੈ। ਪਰ ਅਸੀਂ ਇਤਿਹਾਸ ਨੂੰ ਸਮਝਣ ਵੇਲੇ ਉਨ੍ਹਾਂ ਮਹਾਨ ਗੁਰਸਿੱਖਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ, ਜਿਨ੍ਹਾਂ ਨੇ ਸਿੱਖ ਕੌਮ ਲਈ ਹਾਂ-ਪੱਖੀ ਰੋਲ ਨਿਭਾਇਆ ਹੈ।
ਡਾ. ਅਨੁਰਾਗ ਸਿੰਘ ਨੇ ਇਤਿਹਾਸ ਵਿਚੋਂ ਹਵਾਲੇ ਦਿੰਦੇ ਹੋਏ ਕਿਹਾ ਕਿ ਬਿਨਾਂ ਇਨਸਾਨੀਅਤ ਧਰਮ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਯੁੱਧ ਤੇ ਧਰਮ ਯੁੱਧ ਵਿਚ ਇਹੀ ਚੀਜ਼ ਫਰਕ ਪੈਦਾ ਕਰਦੀ ਹੈ। ਇਸ ਦਾ ਹਵਾਲਾ ਸਨਾਤਨ ਧਰਮ ਦੇ ਗ੍ਰੰਥਾਂ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲ ਦੀ ਗੱਲ ਕਰਦੇ ਹੋਏ ਧਰਮ ਦੀ ਗੱਲ ਨੂੰ ਸਮਝਾਉਂਦੇ ਹਨ। ਪਰ ਸਿੱਖ ਇਤਿਹਾਸਕਾਰਾਂ ਨੇ ਸੋੜੀ ਸੋਚ ਨਾਲ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਫ਼ਾਰਸੀ ਸਰੋਤਾਂ ਉਤੇ ਤਾਂ ਭਰੋਸਾ ਕਰਨਾ ਤਾਂ ਮਨਜ਼ੂਰ ਕੀਤਾ ਪਰ ਗੁਰੂ ਸਾਹਿਬ ਵੱਲੋਂ ਕਹੀ ਗੱਲਾਂ ਦੀ ਅਨਦੇਖੀ ਕੀਤੀ। ਗੁਰਦੁਆਰਾ ਸਤ ਭਾਈ ਗੋਲਾ ਜੀ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਡਾਕਟਰ ਅਨੁਰਾਗ ਸਿੰਘ ਨੂੰ ਕਿਰਪਾਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਬੀਬਾ ਸਿੰਘ ਖਾਲਸਾ ਸਕੂਲ ਦੇ ਮੈਨੇਜਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿਚ ਭਾਭੜਾ ਬਿਰਾਦਰੀ (ਮੁਲਤਾਨ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਨਾਤਨ ਧਰਮ ਮੰਦਰ, ਸਤਇਆ ਨਾਰਾਇਣ ਮੰਦਰ ਅਤੇ ਮੋਤੀ ਨਗਰ ਦੀਆਂ ਤਮਾਮ ਜਥੇਬੰਦੀਆਂ ਨੇ ਵਿਸ਼ੇਸ਼ ਸਹਿਯੋਗ ਕੀਤਾ।