ਪੈਰਿਸ, 23 ਦਸੰਬਰ (ਪੰਜਾਬ ਮੇਲ)- ਭਾਰਤੀਆਂ ਸਮੇਤ 303 ਵਿਅਕਤੀਆਂ ਨੂੰ ਲੈ ਕੇ ਨਿਕਾਰਾਗੁਆ ਜਾ ਰਹੀ ਉਡਾਣ ਨੂੰ ‘ਮਨੁੱਖੀ ਤਸਕਰੀ’ ਦੇ ਸ਼ੱਕ ਵਿਚ ਫਰਾਂਸ ਵਿਚ ਉਤਾਰਨ ਤੋਂ ਬਾਅਦ ਫਰਾਂਸ ਵਿਚ ਭਾਰਤੀ ਸਫ਼ਾਰਤਖਾਨੇ ਨੂੰ ਆਪਣੇ ਨਾਗਰਿਕਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।। ਇਹ ਜਹਾਜ਼ 303 ਯਾਤਰੀਆਂ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਨਿਕਾਰਾਗੁਆ ਜਾ ਰਿਹਾ ਸੀ। ਫਰਾਂਸੀਸੀ ਅਧਿਕਾਰੀਆਂ ਨੇ ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਕਬਜ਼ੇ ਵਿਚ ਲਿਆ ਹੈ।
ਰਾਸ਼ਟਰ ਵਿਰੋਧੀ ਸੰਗਠਤ ਅਪਰਾਧ ਦੇ ਮਾਮਲਿਆਂ ਦੇਖਣ ਵਾਲੀ ਸੰਸਥਾ ਨੇ ਜਾਂਚ ਆਪਣੇ ਹੱਥ ਵਿਚ ਲੈ ਲਈ ਹੈ। ਪੈਰਿਸ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਬਿਆਨ ਵਿਚ ਕਿਹਾ ਕਿ ਵਿਸ਼ੇਸ਼ ਜਾਂਚਕਰਤਾ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਤੋਂ ਪੁੱਛ ਪੜਤਾਲ ਕਰ ਰਹੇ ਸਨ। ਜਹਾਜ਼ ‘ਚ ਸਵਾਰ 303 ਵਿਅਕਤੀ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਹਨ, ਸੰਯੁਕਤ ਅਰਬ ਅਮੀਰਾਤ ‘ਚ ਕੰਮ ਕਰਦੇ ਹਨ। ਰਿਪੋਰਟਾਂ ਮੁਤਾਬਕ ਭਾਰਤੀ ਯਾਤਰੀਆਂ ਨੇ ਮੱਧ ਅਮਰੀਕਾ ਪਹੁੰਚਣ ਲਈ ਇਸ ਯਾਤਰਾ ਦੀ ਯੋਜਨਾ ਬਣਾਈ ਹੋ ਸਕਦੀ ਹੈ, ਜਿੱਥੋਂ ਉਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਂ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਫਰਾਂਸ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਪਹਿਲਾਂ ਜਹਾਜ਼ ਵਿਚ ਰੱਖਿਆ ਗਿਆ ਪਰ ਫਿਰ ਬਾਹਰ ਕੱਢ ਕੇ ਟਰਮੀਨਲ ਬਿਲਡਿੰਗ ਵਿਚ ਭੇਜ ਦਿੱਤਾ ਗਿਆ। ਪੂਰੇ ਏਅਰਪੋਰਟ ਨੂੰ ਪੁਲਿਸ ਨੇ ਘੇਰ ਲਿਆ ਹੈ।