#INDIA

ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਤੀਜੀ ਵਾਰ ਮੁਲਤਵੀ

ਨਾਮਜ਼ਦ ਮੈਂਬਰਾਂ ਨੂੰ ਵੋਟਿੰਗ ਦਾ ਅਧਿਕਾਰ ਦੇਣ ‘ਤੇ ਹੰਗਾਮਾ; ਅਦਾਲਤ ਦੀ ਨਿਗਰਾਨੀ ਹੇਠ ਚੋਣ ਕਰਵਾਉਣ ਲਈ ਸੁਪਰੀਮ ਕੋਰਟ ਜਾਵੇਗੀ ‘ਆਪ’
ਨਵੀਂ ਦਿੱਲੀ, 8 ਫਰਵਰੀ (ਪੰਜਾਬ ਮੇਲ)- ਦਿੱਲੀ ਨਗਰ ਨਿਗਮ ਦੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਐਲਡਰਮੈਨਾਂ (ਨਾਮਜ਼ਦ ਮੈਂਬਰਾਂ) ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੇ ਜਾਣ ਕਾਰਨ ਹੋਏ ਹੰਗਾਮੇ ਮਗਰੋਂ ਸਦਨ ਦੀ ਕਾਰਵਾਈ ਤੀਜੀ ਵਾਰ ਮੇਅਰ ਚੁਣੇ ਬਿਨਾਂ ਮੁਲਤਵੀ ਕਰ ਦਿੱਤੀ ਗਈ। ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਕਿਹਾ, ”ਦਿੱਲੀ ਨਗਰ ਨਿਗਮ ਦੀ ਕਾਰਵਾਈ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤੀ ਗਈ ਹੈ।”
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਦਿੱਲੀ ਨਿਗਮ ਦੇ ਅਹੁਦੇਦਾਰਾਂ ਦੀ ਚੋਣ ਅਦਾਲਤ ਦੀ ਨਿਗਰਾਨੀ ਹੇਠ ਕਰਵਾਉਣ ਲਈ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜ੍ਹਕਾਵੇਗੀ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਕੁਝ ਦੇਰ ਲਈ ਮੁਲਤਵੀ ਕੀਤੇ ਜਾਣ ਮਗਰੋਂ ਅਗਲੀ ਤਰੀਕ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ 6 ਜਨਵਰੀ ਅਤੇ 24 ਜਨਵਰੀ ਨੂੰ ਮੇਅਰ ਦੀ ਚੋਣ ਨਹੀਂ ਹੋ ਸਕੀ ਸੀ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਇੱਕ ਮਹੀਨੇ ਵਿਚ ਤੀਜੀ ਵਾਰ ਮੇਅਰ ਦੀ ਚੋਣ ਕਰਨ ਵਿਚ ਅਸਫਲ ਰਿਹਾ ਹੈ। ਐਲਡਰਮੈਨ ਉਹ ਲੋਕ ਹਨ, ਜੋ ਆਪਣੇ ਖੇਤਰਾਂ ਵਿਚ ਮਾਹਿਰ ਹਨ। ਹਾਲਾਂਕਿ ਉਨ੍ਹਾਂ ਕੋਲ ਮੇਅਰ ਦੀ ਚੋਣ ਵਿਚ ਵੋਟਿੰਗ ਦਾ ਅਧਿਕਾਰ ਨਹੀਂ ਹੈ। ਇਸ ਦੌਰਾਨ ‘ਆਪ’ ਨੇਤਾ ਆਤਿਸ਼ੀ ਨੇ ਦੋਸ਼ ਲਾਇਆ ਕਿ ਐਲਡਰਮੈਨਾਂ ਦੀ ਗ਼ੈਰਕਾਨੂੰਨੀ ਢੰਗ ਨਾਲ ਵੋਟਿੰਗ ਕਰਵਾਈ ਗਈ ਹੈ। ਭਾਜਪਾ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ। ਆਤਿਸ਼ੀ ਨੇ ਪੱਤਰਕਾਰਾਂ ਨੂੰ ਕਿਹਾ, ”ਅਸੀਂ ਸੁਪਰੀਮ ਕੋਰਟ ਜਾਵਾਂਗੇ ਤਾਂ ਕਿ ਅਦਾਲਤ ਦੀ ਨਿਗਰਾਨੀ ਹੇਠ ਮੇਅਰ ਦੀ ਚੋਣ ਕਰਵਾਈ ਜਾ ਸਕੇ।”
ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਆਗੂ ਤੇ ਸੰਸਦ ਮੈਂਬਰ ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਲੋਕਤੰਤਰ ਅਤੇ ਸੰਵਿਧਾਨ ਦਾ ਗਲ ਘੁੱਟ ਰਹੀ ਹੈ। ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਐਲਡਰਮੈਨਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣਾ ਸੰਵਿਧਾਨ ਮੁਤਾਬਕ ਗ਼ਲਤ ਹੈ ਅਤੇ ਜਮਹੂਰੀਅਤ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ, ”ਅਸੀਂ ਮੇਅਰ ਦੀ ਚੋਣ ਕਰਵਾਉਣ ਲਈ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।”

 

Leave a comment