ਨਿਊਜਰਸੀ, 20 ਦਸੰਬਰ (ਪੰਜਾਬ ਮੇਲ)- ਨਿਊਜਰਸੀ ਤੋਂ ਕਾਂਗਰਸਮੈਨ ਦੀ ਚੋਣ ਲੜ ਰਹੇ ਅਤੇ ਹੋਬੋਕੇਨ ਸਿਟੀ ਦੇ ਮੌਜੂਦਾ ਸਿੱਖ ਮੇਅਰ ਰਵਿੰਦਰ ਸਿੰਘ ਭੱਲਾ ਨੂੰ ਕਈ ਨਫ਼ਰਤ ਭਰੀਆਂ ਈਮੇਲਾਂ ਮਿਲਣ ਦੀ ਖ਼ਬਰ ਹੈ, ਜਿਸ ਵਿਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ ਹਨ, ਤਾਂ ਉਨ੍ਹਾਂ ਨੂੰ ਸੋਧਿਆ ਜਾਵੇਗਾ।
ਰਵਿੰਦਰ ਭੱਲਾ, ਜੋ ਨਵੰਬਰ 2017 ਵਿਚ ਨਿਊਜਰਸੀ ਵਿਖੇ ਹੋਬੋਕੇਨ ਸਿਟੀ ਦੇ ਪਹਿਲੇ ਸਿੱਖ ਮੇਅਰ ਬਣੇ ਸਨ, ਨੇ ਖੁਲਾਸਾ ਕੀਤਾ ਕਿ ਇੱਕ ਸਾਲ ਪਹਿਲਾਂ ਭੇਜੀ ਗਈ ਪਹਿਲੀ ਈਮੇਲ ਵਿਚ ਉਸਨੂੰ ਅਹੁਦਾ ਛੱਡਣ ਲਈ ਕਿਹਾ ਗਿਆ ਸੀ। ਦੂਜੀ ਈਮੇਲ ਵਿਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪਰ ਇਹ ਤੀਜੀ ਈਮੇਲ ਖਾਸ ਤੌਰ ‘ਤੇ ਚਿੰਤਾਜਨਕ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਉਸਨੇ ਅਸਤੀਫਾ ਨਹੀਂ ਦਿੱਤਾ, ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।
ਇਨ੍ਹਾਂ ਧਮਕੀਆਂ ਤੋਂ ਇਲਾਵਾ, ਰਵਿੰਦਰ ਭੱਲਾ ਦੇ ਗੁਆਂਢੀਆਂ, ਭਰਾ ਅਤੇ ਕੁਝ ਸਹਿਯੋਗੀਆਂ ਨੂੰ ਵੀ ਉਸੇ ਸਮੇਂ ਦੌਰਾਨ ਜਿਨਸੀ ਤੌਰ ‘ਤੇ ਸਪੱਸ਼ਟ ਅਤੇ ਧਮਕੀ ਭਰੀ ਸਮੱਗਰੀ ਵਾਲੇ ਪੈਕੇਜ ਪ੍ਰਾਪਤ ਹੋਏ।
ਰਵਿੰਦਰ ਭੱਲਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਸਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਹੈ, ਜਿਸ ਵਿਚ ਉਸਦੇ ਦੋ ਬੱਚਿਆਂ ਦੀ ਸੁਰੱਖਿਆ ਵੀ ਸ਼ਾਮਲ ਹੈ।
ਪਿਛਲੇ 22 ਸਾਲਾਂ ਤੋਂ ਹੋਬੋਕੇਨ ਵਿਖੇ ਰਹਿ ਰਹੇ ਰਵਿੰਦਰ ਸਿੰਘ ਭੱਲਾ ਨੇ ਨਫ਼ਰਤ ਵਿਰੁੱਧ ਖੜ੍ਹੇ ਹੋਣ ਦੀ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੰਦੇ ਹੋਏ ਐਲਾਨ ਕੀਤਾ ਕਿ ਸ਼ਹਿਰ ਵਿਚ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਸਿੱਖ ਪਿਛੋਕੜ ਵਾਲੇ ਅਮਰੀਕੀ ਵਜੋਂ ਸ਼ਹਿਰ ਦੀ ਅਗਵਾਈ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ।
ਜ਼ਿਕਰਯੋਗ ਹੈ ਕਿ ਐੱਫ.ਬੀ.ਆਈ. ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 2022 ਵਿਚ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਦੀਆਂ 198 ਦਰਜ ਕੀਤੀਆਂ ਘਟਨਾਵਾਂ ਦੇ ਨਾਲ, ਸਿੱਖ ਧਾਰਮਿਕ ਤੌਰ ‘ਤੇ ਪ੍ਰੇਰਿਤ ਨਫ਼ਰਤੀ ਅਪਰਾਧਾਂ ਵਿਚ ਦੂਜੇ ਸਭ ਤੋਂ ਵੱਧ ਨਿਸ਼ਾਨਾ ਸਮੂਹ ਬਣੇ ਹੋਏ ਹਨ।