ਸਰੀ, 20 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨੀਂ ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬੀ ਦੇ ਨਾਮਵਰ ਗਜ਼ਲਗੋ ਜਸਵਿੰਦਰ ਦਾ ਜਨਮ ਦਿਨ ਜਰਨੈਲ ਆਰਟ ਗੈਲਰੀ ਸਰੀ ਵਿਖੇ ਮਨਾਇਆ ਗਿਆ। ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਨਾਮਵਰ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਨਵਦੀਪ ਗਿੱਲ, ਚਰਨਜੀਤ ਸਿੰਘ ਸਲ੍ਹੀਣਾ ਅਤੇ ਹਰਦਮ ਸਿੰਘ ਮਾਨ ਨੇ ਜਸਵਿੰਦਰ ਨੂੰ ਜਨਮ ਦਿਨ ਦੀਆਂ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਲੰਮੀ ਅਤੇ ਸਿਹਤਯਾਬ ਉਮਰ ਦੀ ਕਾਮਨਾ ਕੀਤੀ।
ਜਰਨੈਲ ਸਿੰਘ ਸੇਖਾ ਨੇ ਆਪਣੇ ਮਾਬਰਕੀ ਸ਼ਬਦਾਂ ਵਿਚ ਕਿਹਾ ਕਿ ਜਸਵਿੰਦਰ ਨੇ ਗ਼ਜ਼ਲ ਖੇਤਰ ਵਿਚ ਆਪਣੀ ਮਾਣਯੋਗ ਪਹਿਚਾਣ ਬਣਾਈ ਹੈ। ਉਸ ਨੇ ਪੰਜਾਬ ਅਤੇ ਪੰਜਾਬੀ ਧਰਾਤਲ ਨਾਲ ਜੁੜੇ ਬਹੁਤ ਹੀ ਗਹਿਰੇ ਖ਼ਿਆਲ ਅਤੇ ਨਵੇਂ ਬਿੰਬ ਲੋਕ ਬੋਲੀ ਵਿਚ ਪੇਸ਼ ਕਰਕੇ ਪੰਜਾਬੀ ਗ਼ਜ਼ਲ ਨੂੰ ਅਮੀਰੀ ਪ੍ਰਦਾਨ ਕੀਤੀ ਹੈ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਇਕ ਬਹੁਤ ਉੱਚਕੋਟੀ ਦੇ ਸ਼ਾਇਰ ਅਤੇ ਬੜੇ ਬੀਬੇ ਇਨਸਾਨ ਦੀ ਦੋਸਤੀ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ। ਹਰਦਮ ਸਿੰਘ ਮਾਨ ਨੇ ਕਿਹਾ ਕਿ ਜਸਵਿੰਦਰ ਨੂੰ ਬੇਸ਼ੱਕ ਸਾਹਿਤ ਅਕਾਦਮੀ ਅਵਾਰਡ ਅਤੇ ਸ਼੍ਰੋਮਣੀ ਪੰਜਾਬੀ ਕਵੀ ਹੋਣ ਦੇ ਵੱਡੇ ਸਨਮਾਨ ਮਿਲੇ ਹਨ ਪਰ ਉਸ ਦੀ ਸ਼ਖ਼ਸੀਅਤ ਹਰ ਪਲ ਹਲੀਮੀ ਨਾਲ ਭਰਪੂਰ ਰਹਿੰਦੀ ਹੈ। ਅੰਗਰੇਜ਼ ਬਰਾੜ ਨੇ ਕਿਹਾ ਕਿ ਜਸਵਿੰਦਰ ਦੀ ਗ਼ਜ਼ਲ ਵਿਚ ਸ਼ਾਬਦਿਕ ਜਾਲ ਨਹੀਂ, ਸਗੋਂ ਆਪਣਾ ਆਲਾ-ਦੁਆਲਾ ਸਮਝਣ ਅਤੇ ਸਮਾਜ ਵਿਚ ਵਿਚਰਣ ਦੀ ਸੋਝੀ ਖੂਬਸੂਰਤ ਚਿਤਰਣ ਹੈ।
ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਆਪਣੀ ਰਚਨਾ ਰਾਹੀਂ ਇਸ ਸਮਾਜ ਨੂੰ ਖੂਬਸੂਰਤ ਬਣਾਉਣ ਲਈ ਉਤਸ਼ਾਹਿਤ ਕਰਨ ਵਾਲਾ ਲੇਖਕ, ਕਲਕਾਕਾਰ ਹੀ ਲੋਕਾਂ ਵਿਚ ਪਿਆਰਿਆ ਸਤਿਕਾਰਿਆ ਜਾਂਦਾ ਹੈ ਅਤੇ ਸਾਨੂੰ ਬੇਹੱਦ ਖੁਸ਼ੀ ਹੈ ਕਿ ਜਸਵਿੰਦਰ ਨੂੰ ਅਜਿਹਾ ਹੋਣ ਦਾ ਫ਼ਖ਼ਰ ਹਾਸਲ ਹੈ। ਨਵਦੀਪ ਗਿੱਲ ਅਤੇ ਚਰਨਜੀਤ ਸਿੰਘ ਸਲ੍ਹੀਣਾ ਨੇ ਆਪਣੇ ਸੁਰੀਲੇ ਸੁਰਾਂ ਨਾਲ ਦੋ ਗੀਤ ਪੇਸ਼ ਕਰਕੇ ਜਨਮ ਦਿਨ ਦੇ ਜ਼ਸ਼ਨ ਨੂੰ ਦਿਲਕਸ਼ ਬਣਾਇਆ। ਅੰਤ ਵਿਚ ਜਸਵਿੰਦਰ ਨੇ ਕਿਹਾ ਕਿ ਵੈਨਕੂਵਰ ਵਿਚਾਰ ਮੰਚ ਦੇ ਦੋਸਤਾਂ ਵੱਲੋਂ ਮੇਰੇ ਮਾਣ ਵਿਚ ਅਜਿਹਾ ਹੈਰਾਨੀਜਨਕ ਪ੍ਰੋਗਰਾਮ ਰਚਾਉਣ ਲਈ ਮੈਂ ਸਭ ਦਾ ਬੇਹੱਦ ਮਸ਼ਕੂਰ ਹਾਂ। ਇਕ ਸ਼ਾਇਰ ਦੇ ਨਾਤੇ ਸੁਚੇਤ ਤੌਰ ‘ਤੇ ਸਾਹਿਤ ਦੀ ਰਚਨਾ ਕਰਨ ਦਾ ਮੈਂ ਆਪਣਾ ਫ਼ਰਜ਼ ਨਿਭਾਅ ਰਿਹਾ ਹਾਂ। ਮੈਂ ਸਮਝਦਾ ਹਾਂ ਕਿ ਮੇਰੀ ਸ਼ਾਇਰੀ ਜੇਕਰ ਕਿਸੇ ਨਿਰਾਸੇ ਨੂੰ ਕੋਈ ਆਸ ਦੀ ਕਿਰਨ ਦਿਖਾਉਣ ਦੇ ਕਾਬਲ ਹੋ ਜਾਂਦੀ ਹੈ ਤਾਂ ਮੇਰੇ ਲਈ ਏਹੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਸਨਮਾਨ ਹੈ।