ਸੈਕਰਾਮੈਂਟੋ, 15 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਦੀ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਗੁਰਪੁਰਬਦੇ ਸੰਬੰਧ ਵਿੱਚ ਤਿੰਨ ਦਿਨਾਂ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਕੈਲੀਫੋਰਨੀਆਂ ਤੋਂ ਆਏ ਭਾਈ ਮਨਬੀਰ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਜੀ ਦੇ ਜੱਥੇ ਨੇ ਗੁਰੂ ਸਾਹਿਬ ਦੇ ਵੇਲੇ ਦੇ ਤੰਤੀ ਸਾਜ਼ ਰਬਾਬ ਅਤੇ ਦਿਲਰੁਬਾ ਨਾਲ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਖੀਰਲੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਰੱਸ ਭਿੰਨੇ ਕੀਰਤਨ ਵਿੱਚ ਇਹਨੀਆਂ ਲੀਨ ਹੋ ਗਈਆਂ ਕਿ ਭਾਈ ਮਨਬੀਰ ਸਿੰਘ ਜੀ ਇਹਨਾਂ ਸਾਜ਼ਾਂ ਨਾਲ 2 ਘੰਟੇ ਤੋਂ ਵੀ ਵੱਧ ਸਮੇਂ ਲਈ ਕੀਰਤਨ ਕਰਦੇ ਰਹੇ।ਇਹਨਾਂ ਸਮਾਗਮਾਂ ਦੋਰਾਨ ਇਹਨਾਂ ਸਾਜ਼ਾਂ ਦੀ ਸੰਗਤ, ਖਾਸਕਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਿੱਚ ਜੱਥੇ ਨੇ ਇਹਨਾਂ ਸਾਜ਼ਾਂ ਦੀ ਮਹੱਤਤਾ, ਇਹਨਾਂ ਨੂੰ ਕਿਵੇਂ ਵਜਾਉਣਾ ਹੈ ਬਾਰੇ ਜਾਣਕਾਰੀ ਦਿੱਤੀ।ਸਮਾਗਮਾਂ ਦੇ ਦੂਜੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਕੀਰਤਨ ਵੀ ਸਜਾਏ ਗਏ। ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲਗਦੀਆਂ ਕਈ ਰਿਹਾਸ਼ੀ ਅਬਾਦੀਆਂ ਵਿੱਚੋਂ ਦੀ ਲੰਘਿਆ। ਰਸਤੇ ਵਿੱਚ ਇਹਨਾਂ ਅਬਾਦੀਆਂ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਵਲੋਂ ਗਰਮ ਦੁੱਧ, ਪਾਣੀ, ਫਲਾਂ ਆਦਿ ਦੇ ਲੰਗਰ ਵੀ ਸੰਗਤਾਂ ਨੂੰ ਵਰਤਾਏ ਗਏ। ਅਮਰੀਕਨਾਂ ਨੇ ਵੀ ਆਪਣੇ ਘਰਾਂ ਦੇ ਬਾਹਰ ਆ ਕੇ ਸਿੱਖ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਨਾਲ ਉਹਨਾਂ ਨੂੰ ਵੀ ਸਿੱਖਾਂ ਬਾਰੇ ਜਾਣਕਾਰੀ ਮਿਲੀ।ਸਰਦੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿਨਸਿਨੈਟੀ ਦੇ ਨਾਲ ਲੱਗਦੇ ਸ਼ਹਿਰ ਡੇਟਨ, ਅਤੇ ਕੈਨਟੱਕੀ ਸੂਬੇ ਤੋਂ ਵੀ ਸੰਗਤਾਂ ਇਸ ਵਿੱਚ ਸ਼ਾਮਲ ਹੋਈਆਂ। ਇਸ ਦੋਰਾਨ ਤਿੰਨੋ ਦਿਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।