#CANADA

ਮਹਾਨ ਚਿੱਤਰਕਾਰ ਕਿਰਪਾਲ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ 16-17 ਦਸੰਬਰ ਨੂੰ

ਸਰੀ, 14 ਦਸੰਬਰ (ਹਰਦਮ ਮਾਨ/ਪੰਜਾਬ ਮੇਲ)-ਸਿੱਖ ਇਤਿਹਾਸ ਤੇ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਨੀ ਚਿੱਤਰਕਾਰ ਸਰਦਾਰ ਕਿਰਪਾਲ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਚਿੱਤਰ ਪ੍ਰਦਰਸ਼ਨੀ ਜਰਨੈਲ ਆਰਟ ਗੈਲਰੀ ਸਰੀ (106 12882 ਤੇ 85 ਐਵਨਿਊ) ਵਿਖੇ 16 ਅਤੇ 17 ਦਸੰਬਰ ਨੂੰ ਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਇਸ ਚਿੱਤਰ ਪ੍ਰਦਰਸ਼ਨੀ ਵਿੱਚ ਜਰਨੈਲ ਆਰਟ ਗੈਲਰੀ ਦੇ ਵਿਦਿਆਰਥੀਆਂ ਦੀਆਂ ਕਲਾ ਕਿਰਤਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਵਰਣਨਯੋਗ ਹੈ ਕਿ ਸਿੱਖ ਇਤਿਹਾਸ ਤੇ ਪੰਜਾਬੀ ਸੱਭਿਆਚਾਰ ਦੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਤੇ ਬਾਲਗਾਂ ਨੂੰ ਆਰਟ ਕਲਾਸਾਂ ਰਾਹੀਂ ਚਿਤਰਕਲਾ ਨਾਲ ਜੋੜਨ ਵਿੱਚ ਲੱਗੇ ਹੋਏ ਹਨ। ਉਹਨਾਂ ਦੱਸਿਆ ਕਿ ਇਹ ਦੂਜੀ ਪ੍ਰਦਰਸ਼ਨੀ ਹੈ ਜਿਸ ਦਾ ਉਦਘਾਟਨ 16 ਦਸੰਬਰ ਨੂੰ ਦੁਪਹਿਰ 12 ਵਜੇ ਹੋਵੇਗਾ ਅਤੇ 17 ਦਸੰਬਰ ਨੂੰ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਇਹ ਪ੍ਰਦਰਸ਼ਨੀ ਦਰਸ਼ਕਾਂ ਲਈ ਖੁੱਲ੍ਹੀ ਰਹੇਗੀ। ਇਸ ਪ੍ਰਦਰਸ਼ਨੀ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਜਰਨੈਲ ਸਿੰਘ ਨਾਲ 604 825 4659 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।