#AMERICA #INDIA

ਅਮਰੀਕਾ ਦੀ F.B.I. ਦੇ ਮੁਖੀ ਦਾ ਭਾਰਤ ਦੌਰਾ ਅਗਲੇ ਹਫ਼ਤੇ

-ਐੱਨ.ਆਈ.ਏ. ਪੰਨੂ ਮਾਮਲਾ ਰੱਖੇਗੀ ਸਾਹਮਣੇ
ਨਵੀਂ ਦਿੱਲੀ, 7 ਦਸੰਬਰ (ਪੰਜਾਬ ਮੇਲ)- ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਦੇ ਅਗਲੇ ਹਫ਼ਤੇ ਭਾਰਤ ਆਉਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਉਨ੍ਹਾਂ ਅੱਗੇ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਨੂੰ ਚੁੱਕਣ ਦੀ ਤਿਆਰੀ ਕਰ ਰਹੀ ਹੈ। ਆਪਣੀ ਯਾਤਰਾ ਦੌਰਾਨ ਰੇਅ ਆਪਣੀ ਭਾਰਤ ਫੇਰੀ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਐੱਨ.ਆਈ.ਏ. ਦੋਵਾਂ ਦੇ ਅਧਿਕਾਰੀਆਂ ਨੂੰ ਮਿਲਣਗੇ। ਭਾਰਤ ਵਿਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਦਿੱਲੀ ਵਿਚ ਸਮਾਗਮ ਵਿਚ ਅਗਲੇ ਹਫ਼ਤੇ ਐੱਫ.ਬੀ.ਆਈ. ਡਾਇਰੈਕਟਰ ਕ੍ਰਿਸਟੋਫਰ ਰੇਅ ਦੇ ਦੌਰੇ ਦੀ ਪੁਸ਼ਟੀ ਕੀਤੀ।

ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਬਾਰੇ ਭਾਰਤੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰਾਂਗੇ: ਅਮਰੀਕਾ
ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਹੈ ਕਿ ਉਹ ਵੱਖਵਾਦੀ ਸਿੱਖ ਦੀ ਹੱਤਿਆ ਦੀ ਸਾਜ਼ਿਸ਼ ‘ਚ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਭਾਰਤ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ‘ਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ”ਵਿਦੇਸ਼ ਮੰਤਰੀ ਨੇ ਆਪਣੇ ਵਿਦੇਸ਼ੀ ਹਮਰੁਤਬਾ ਕੋਲ ਇਹ ਗੱਲ ਉਠਾਈ ਹੈ ਅਤੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਭਾਰਤ ਨੇ ਕਿਹਾ ਹੈ ਕਿ ਉਹ ਜਾਂਚ ਕਰੇਗਾ। ਉਨ੍ਹਾਂ ਨੇ ਜਾਂਚ ਕਰਾਉਣ ਦਾ ਜਨਤਕ ਤੌਰ ‘ਤੇ ਐਲਾਨ ਕੀਤਾ ਹੈ। ਹੁਣ ਅਸੀਂ ਜਾਂਚ ਦੇ ਨਤੀਜਿਆਂ ਦੀ ਉਡੀਕ ਕਰਾਂਗੇ।” ਅਮਰੀਕਾ ਵਿਚ ਸੰਘੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਭਾਰਤੀ ਨਾਗਰਿਕ ਨੇ ਅਮਰੀਕਾ ਵਿਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਸਰਕਾਰੀ ਵਕੀਲਾਂ ਨੇ ਇਹ ਵੀ ਦੋਸ਼ ਲਾਇਆ ਕਿ ਉਹ ਭਾਰਤੀ ਵਿਅਕਤੀ ਭਾਰਤੀ ਅਧਿਕਾਰੀ ਨਾਲ ਰਲਿਆ ਹੋਇਆ ਸੀ।