ਸੈਕਰਾਮੈਂਟੋ, 29 ਨਵੰਬਰ (ਪੰਜਾਬ ਮੇਲ)-ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਇੰਡੀਅਨ ਰੈਸਟੋਰੈਂਟ, ਫਲੋਰਿਨ ਰੋਡ, ਸੈਕਰਾਮੈਂਟੋ ਵਿਖੇ ਹੋਈ। ਮੀਟਿੰਗ ਵਿਚ ਜਿੱਥੇ ਪੰਜਾਬੀ ਸਾਹਿਤ ਬਾਰੇ ਵਿਚਾਰ-ਵਟਾਂਦਰੇ ਹੋਏ, ਉਥੇ ਕਵੀ ਸੰਮੇਲਨ ਦਾ ਵੀ ਆਯੋਜਨ ਕੀਤਾ ਗਿਆ। ਉੱਘੇ ਸੀ.ਪੀ.ਏ. ਅਤੇ ਸਾਹਿਤਕਾਰ ਮਾਈਕਲ ਬਾਠਲਾ ਮੀਟਿੰਗ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੀਟਿੰਗ ਦੀ ਸ਼ੁਰੂਆਤ ਵਿਚ ਸਭਾ ਦੇ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਅਤੇ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਭਾ ਦੇ ਪ੍ਰਧਾਨ ਦਲਵੀਰ ਨਿੱਜਰ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਦਿਲ ਨਿੱਜਰ ਨੇ ਪੰਜਾਬੀ ਸਾਹਿਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਕਾਨਫਰੰਸ 17 ਮਾਰਚ, 2024 ਦਿਨ ਐਤਵਾਰ ਨੂੰ ਕਰਵਾਈ ਜਾਵੇਗੀ। ਇਸ ਕਾਨਫਰੰਸ ਵਿਚ ਉੱਚ ਕੋਟੀ ਦੇ ਬੁੱਧੀਜੀਵੀਆਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ। ਇਸ ਦੌਰਾਨ ਇਕ ਸੋਵੀਨਰ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ, ਜਿਸ ਵਿਚ ਸਥਾਨਕ ਲੇਖਕਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸ ਮੌਕੇ ਹਰਜਿੰਦਰ ਪੰਧੇਰ ਵੱਲੋਂ ਸੰਪਾਦਿਤ ਕਿਤਾਬ ‘ਨਿੱਗਰ ਖੰਭਾਂ ਦੀ ਉਡਾਣ’ ਰਿਲੀਜ਼ ਕੀਤੀ ਗਈ।
ਕਵੀ ਸੰਮੇਲਨ ਵਿਚ ਦਿਲ ਨਿੱਜਰ, ਗੁਰਜਤਿੰਦਰ ਰੰਧਾਵਾ, ਹਰਜਿੰਦਰ ਮੱਟੂ, ਜੀਵਨ ਰੱਤੂ, ਰਾਠੇਸ਼ਵਰ ਸੂਰਾਪੁਰੀ, ਜੋਤੀ ਸਿੰਘ, ਮਾਈਕਲ ਬਾਠਲਾ, ਮਲਿਕ ਇਮਤਿਆਜ਼, ਅਜੈਬ ਚੀਮਾ, ਸੁਰਿੰਦਰ ਬੰਗੜ, ਬਲਜੀਤ ਸੋਹੀ, ਬਿੱਕਰ ਸਿੰਘ ਮਾਨ, ਹਰਜੀਤ ਸਿੰਘ ਹਮਸਫਰ, ਫਕੀਰ ਸਿੰਘ ਮੱਲੀ ਅਤੇ ਭਾਗ ਸਿੰਘ ਸਿੱਧੂ ਨੇ ਰਚਨਾਵਾਂ ਪੇਸ਼ ਕੀਤੀਆਂ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਬਾਸੀ, ਮਨਮੋਹਨ ਸਿੰਘ ਪੁਰੇਵਾਲ, ਜਗਰੂਪ ਸਿੰਘ ਮਾਂਗਟ, ਹਰਜਿੰਦਰ ਕੌਰ, ਰਜਿੰਦਰ ਕੌਰ, ਗੁਰਦੀਪ ਕੌਰ, ਸੁਰਿੰਦਰ ਪਾਲ, ਐਲਕਸ ਬਾਠਲਾ ਅਤੇ ਅਮਨਪ੍ਰੀਤ ਸਿੰਘ ਸਿੱਧੂ ਵੀ ਹਾਜ਼ਰ ਸਨ।