* ਸ਼ੱਕੀ ਗੋਰਾ ਮੌਕੇ ਤੋਂ ਫਰਾਰ
ਸੈਕਰਾਮੈਂਟੋ, 28 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਅਮਰੀਕਾ ਦੀ ਯੂਨੀਵਰਸਿਟੀ ਆਫ ਵਰਮੌਂਟ, ਬਰਲਿੰਗਟਨ ਨੇੜੇ 3 ਫਲਸਤੀਨੀ ਕਾਲਜ ਵਿਦਿਆਰਥੀਆਂ ਨੂੰ ਇਕ ਸ਼ੱਕੀ ਗੋਰੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਖਬਰ ਹੈ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੀੜਤ ਵਿਦਿਆਰਥੀਆਂ ਦੀ ਪਛਾਣ ਹੀਸ਼ਮ ਅਵਾਰਤਨੀ, ਕਿਨਾਨ ਅਬਦਲ ਹਾਮਿਦ ਤੇ ਤਾਹਸੀਨ ਅਹਿਮਦ ਵਜੋਂ ਹੋਈ ਹੈ, ਜੋ ਵੱਖ-ਵੱਖ ਕਾਲਜਾਂ ਵਿਚ ਪੜ੍ਹਾਈ ਕਰ ਰਹੇ ਹਨ।
ਬਰਲਿੰਗਟਨ ਪੁਲਿਸ ਵਿਭਾਗ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਦੀ ਉਮਰ 20 ਸਾਲ ਦੇ ਕਰੀਬ ਹੈ ਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ਼ ਹਨ। ਦੋ ਵਿਦਿਆਰਥੀਆਂ ਦੀ ਹਾਲਤ ਸਥਿਰ ਹੈ, ਜਦ ਕਿ ਤੀਸਰੇ ਵਿਦਿਆਰਥੀ ਦੇ ਗੰਭੀਰ ਜ਼ਖਮ ਹਨ। ਪੁਲਿਸ ਅਨੁਸਾਰ ਇਹ ਮਾਮਲਾ ਨਫਰਤੀ ਅਪਰਾਧ ਦਾ ਹੋ ਸਕਦਾ ਹੈ। ਬਿਆਨ ਅਨੁਸਾਰ ਵਿਦਿਆਰਥੀਆਂ ਉਪਰ ਹਮਲਾ ਉਸ ਵੇਲੇ ਹੋਇਆ, ਜਦੋਂ ਉਹ ਬਰਲਿੰਗਟਨ ਵਿਚ ਥੈਂਕਸਗਿਵਿੰਗ ਛੁੱਟੀ ਮਨਾਉਣ ਲਈ ਆਪਣੇ ਰਿਸ਼ਤੇਦਾਰ ਕੋਲ ਜਾ ਰਹੇ ਸਨ। ਜਦੋਂ ਉਹ ਪ੍ਰਾਸਪੈਕਟ ਸਟਰੀਟ ‘ਤੇ ਪੁੱਜੇ ਤਾਂ ਇਕ ਗੋਰੇ ਵਿਅਕਤੀ ਨੇ ਬਿਨਾਂ ਕੁਝ ਬੋਲੇ ਆਪਣੇ ਪਿਸਤੌਲ ਨਾਲ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ। ਪੁਲਿਸ ਅਨੁਸਾਰ ਹਮਲਵਾਰ ਨੇ ਘੱਟੋ-ਘੱਟ 4 ਗੋਲੀਆਂ ਚਲਾਈਆਂ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਦੋ ਵਿਦਿਆਰਥੀਆਂ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਗੋਲੀਆਂ ਵੱਜੀਆਂ ਹਨ, ਜਦਕਿ ਤੀਸਰੇ ਵਿਦਿਆਰਥੀ ਦੇ ਢਿੱਡ ਦੇ ਹੇਠਲੇ ਹਿੱਸੇ ਵਿਚ ਗੋਲੀ ਵੱਜੀ ਹੈ। ਪੁਲਿਸ ਨੇ ਕਿਹਾ ਹੈ ਕਿ ਪੀੜਤਾਂ ਵਿਚੋਂ 2 ਵਿਦਿਆਰਥੀ ਅਮਰੀਕੀ ਨਾਗਰਕ ਹਨ, ਜਦਕਿ ਇਕ ਕਾਨੂੰਨੀ ਵਸਨੀਕ ਹੈ। ਪੁਲਿਸ ਅਨੁਸਾਰ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਐੱਫ.ਬੀ.ਆਈ. ਕਰ ਰਹੀ ਹੈ। ਬਰਲਿੰਗਟਨ ਪੁਲਿਸ ਮੁਖੀ ਜੋਨ ਮੂਰਾਦ ਨੇ ਇਕ ਪ੍ਰੈੱਸ ਬਿਆਨ ਵਿਚ ਪੀੜਤਾਂ ਤੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਨਫਰਤੀ ਅਪਰਾਧ ਦਾ ਮਾਮਲਾ ਹੋ ਸਕਦਾ ਹੈ ਤੇ ਉਹ ਇਸ ਮਾਮਲੇ ਨੂੰ ਲੈ ਕੇ ਸੰਘੀ ਜਾਂਚਕਾਰਾਂ ਦੇ ਸੰਪਰਕ ਵਿਚ ਹਨ। ਇਸ ਦੌਰਾਨ ਪੀੜਤਾਂ ਦੇ ਪਰਿਵਾਰਾਂ ਨੇ ਨਫਰਤੀ ਅਪਰਾਧ ਤਹਿਤ ਜਾਂਚ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।