#INDIA

ਸਿਲਕਿਆਰਾ ਸੁਰੰਗ ’ਚ 55.3 ਮੀਟਰ ਤੱਕ ਪਾਈ ਜਾ ਚੁੱਕੀ ਹੈ ਪਾਈਪ, ਕਿਸੇ ਵੇਲੇ ਵੀ ਮਜ਼ਦੂਰਾਂ ਕੱਢਿਆ ਜਾ ਸਕਦਾ ਬਾਹਰ

ਉੱਤਰਕਾਸ਼ੀ, 28 ਨਵੰਬਰ (ਪੰਜਾਬ ਮੇਲ)- ਬਚਾਅ ਕਰਮੀਆਂ ਨੇ ਸਿਲਕਿਆਰਾ ਸੁਰੰਗ ਵਿੱਚ 55.3 ਮੀਟਰ ਦੀ ਦੂਰੀ ਪਾਰ ਕਰ ਲਈ ਹੈ ਤੇ ਮਜ਼ਦੂਰਾਂ ਨੂੰ ਕਿਸੇ ਵੇਲੇ ਬਾਹਰ ਕੱਢਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਸਿਲਕਿਆਰਾ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਸਾਰੇ ਬਚਾਅ ਕਰਮਚਾਰੀ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਮਲਬੇ ਦੇ ਅੰਦਰ ਕੁੱਲ 52 ਮੀਟਰ ਪਾਈਪ ਪਾਈ ਜਾ ਚੁੱਕੀ ਹੈ। ਸਿਲਕਿਆਰਾ ਪਹੁੰਚ ਕੇ 16 ਦਿਨਾਂ ਤੋਂ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਧਾਮੀ ਨੇ ਦੱਸਿਆ ਕਿ ਹੁਣ ਤੱਕ ਕੁੱਲ 52 ਮੀਟਰ ਪਾਈਪ ਅੰਦਰ ਪਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਦਰ ਫਸੇ ਸਾਰੇ ਮਜ਼ਦੂਰ ਸੁਰੱਖਿਅਤ ਅਤੇ ਸਿਹਤਮੰਦ ਹਨ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਬਚਾਅ ਕਰਮੀਆਂ ਨੇ ਸਿਲਕਿਆਰਾ ਸੁਰੰਗ ਵਿੱਚ 50 ਮੀਟਰ ਦੀ ਦੂਰੀ ਪਾਰ ਕਰ ਲਈ ਹੈ ਅਤੇ ਹੁਣ 16 ਦਿਨਾਂ ਤੋਂ ਅੰਦਰ ਫਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਡਰਿਲਿੰਗ ਦੀ ‘ਰੈਟ ਹੋਲ ਮਾਈਨਿੰਗ’ ਤਕਨੀਕ ਰਾਹੀਂ ਮਲਬੇ ਵਿੱਚ ਸਿਰਫ਼ 10 ਮੀਟਰ ਦੀ ਡੂੰਘਾਈ ਤੱਕ ਰਸਤਾ ਸਾਫ਼ ਕਰਨਾ ਬਾਕੀ ਹੈ। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ‘ਚ ਚਾਰਧਾਮ ਯਾਤਰਾ ਮਾਰਗ ‘ਤੇ ਨਿਰਮਾਣ ਅਧੀਨ ਸੁਰੰਗ ਦੇ ਰੁਕੇ ਹੋਏ ਹਿੱਸੇ ‘ਚ 12 ‘ਰੈਟ ਹੋਲ ਮਾਈਨਿੰਗ’ ਮਾਹਿਰਾਂ ਨੂੰ 10 ਮੀਟਰ ਦੇ ਮਲਬੇ ਦੀ ਖੁਦਾਈ ਕਰਕੇ ਰਸਤਾ ਬਣਾਉਣ ਲਈ ਲਾਇਆ ਗਿਆ ਹੈ। ਇਸ ਤੋਂ ਪਹਿਲਾਂ 25 ਟਨ ਵਜ਼ਨ ਵਾਲੀ ਭਾਰੀ ਅਤੇ ਤਾਕਤਵਰ ਅਮਰੀਕੀ ਔਗਰ ਮਸ਼ੀਨ ਨਾਲ ਸੁਰੰਗ ਵਿੱਚ ਡਰਿਲਿੰਗ ਕੀਤੀ ਜਾ ਰਹੀ ਸੀ ਪਰ ਸ਼ੁੱਕਰਵਾਰ ਨੂੰ ਇਸ ਦੇ ਕਈ ਹਿੱਸੇ ਮਲਬੇ ਵਿੱਚ ਫਸਣ ਕਾਰਨ ਕੰਮ ਵਿੱਚ ਵਿਘਨ ਪੈ ਗਿਆ। ਇਸ ਤੋਂ ਪਹਿਲਾਂ ਉਹ ਮਲਬੇ ਦੇ ਅੰਦਰ 47 ਮੀਟਰ ਤੱਕ ਡਰਿਲ ਕਰ ਚੁੱਕਾ ਸੀ।