ਇਸਲਾਮਾਬਾਦ, 21 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਇਕ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੂੰ 30 ਨਵੰਬਰ ਤੱਕ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਬਿਆਨ ਦਰਜ ਕਰਨ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਕੌਮੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਅਦਾਲਤ ਦੇ ਜੱਜ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਰੀਫ ਵਿਰੁੱਧ ਤੋਸ਼ਾਖਾਨਾ ਕੇਸ ਦੀ ਸੁਣਵਾਈ ਕੀਤੀ। ਸ਼ਰੀਫ ਲੰਡਨ ਵਿਚ ਕਰੀਬ ਚਾਰ ਸਾਲਾਂ ਦੀ ਸਵੈ-ਜਲਾਵਤਨੀ ਤੋਂ ਬਾਅਦ 21 ਅਕਤੂਬਰ ਨੂੰ ਦੇਸ਼ ਪਰਤੇ ਹਨ। ਉਨ੍ਹਾਂ ਦੇ ਵਕੀਲ ਨੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਬਿਆਨ ਦਰਜ ਕਰਨ ਲਈ ਅਦਾਲਤ ਤੋਂ ਬਿਊਰੋ ਨੂੰ ਹੁਕਮ ਦੇਣ ਦੀ ਅਪੀਲ ਕੀਤੀ। ਬਿਊਰੋ ਦੇ ਵਕੀਲ ਨੇ ਪਟੀਸ਼ਨ ਦਾ ਅਧਿਐਨ ਕਰਨ ਲਈ ਸਮਾਂ ਮੰਗਿਆ, ਜਦਕਿ ਜੱਜ ਨੇ ਬਿਊਰੋ ਨੂੰ 30 ਨਵੰਬਰ ਤੱਕ ਸ਼ਰੀਫ ਦਾ ਬਿਆਨ ਦਰਜ ਕਰਨ ਦਾ ਹੁਕਮ ਦਿੱਤਾ।