ਅਹਿਮਦਾਬਾਦ, 20 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਲਈ ਵਿਸ਼ਵ ਕੱਪ ਫਾਈਨਲ ਵਿੱਚ ਵਿਰਾਟ ਕੋਹਲੀ ਨੂੰ ਆਊਟ ਕਰਕੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੌਜੂਦ 90 ਹਜ਼ਾਰ ਦਰਸ਼ਕਾਂ ਨੂੰ ਚੁੱਪ ਕਰਾਉਣਾ ਸਭ ਤੋਂ ਤਸੱਲੀ ਵਾਲਾ ਪਲ ਸੀ। ਕੋਹਲੀ ਜਦੋਂ 54 ਦੌੜਾਂ ‘ਤੇ ਖੇਡ ਰਿਹਾ ਸੀ ਤਾਂ ਕਮਿੰਸ ਨੇ ਉਸ ਨੂੰ ਆਊਟ ਕਰ ਦਿੱਤਾ। ਕਮਿੰਸ ਨੂੰ ਜਦੋਂ ਪੁੱਛਿਆ ਕੀ ਸਟੇਡੀਅਮ ‘ਚ ਮੌਜੂਦ ਦਰਸ਼ਕਾਂ ਨੂੰ ਚੁੱਪ ਕਰਾਉਣਾ ਉਸ ਲਈ ਸਭ ਤੋਂ ਸੰਤੋਸ਼ਜਨਕ ਪਲ ਸੀ ਤਾਂ ਉਸ ਨੇ ਕਿਹਾ, ‘ਜਦੋਂ ਕੋਹਲੀ ਨੂੰ ਆਊਟ ਕੀਤਾ ਤਾਂ ਚਾਰੇ ਪਾਸੇ ਚੁੱਪ ਵਰਤ ਗਈ। ਇਹ ਮੇਰੇ ਲਈ ਤਸੱਲੀ ਦਾ ਪਲ ਸੀ। ਮੈਨੂੰ ਅਜਿਹਾ ਲੱਗਦਾ ਸੀ ਕਿ ਅੱਜ ਵੀ ਕੋਹਲੀ ਸੈਂਕੜਾ ਮਾਰੇਗਾ, ਜਿਵੇਂ ਉਹ ਅਜਿਹੇ ਹਾਲਾਤ ’ਚ ਆਮ ਤੌਰ ’ਤੇ ਕਰਦਾ ਹੈ ਪਰ ਉਸ ਨੂੰ ਅਜਿਹਾ ਨਾ ਕਰਨ ਦੇਣਾ ਹੀ ਤਸੱਲੀ ਦੇਣ ਵਾਲੀ ਗੱਲ ਹੈ।’