#AMERICA

ਭਾਰਤੀ -ਅਮਰੀਕੀ ਜੋੜੇ ਦੀ ਇਸਰਾਈਲ ਤੇ ਯਹੂਦੀ ਵਿਰੋਧੀ ਵੀਡੀਓ ਨੇ ਮਚਾਈ ਤਰਥੱਲੀ

ਸੈਕਰਾਮੈਂਟੋ, ਕੈਲੀਫੋਰਨੀਆ, 16 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਵੀਡੀਓ ਜਿਸ ਵਿਚ ਇਕ ਭਾਰਤੀ-ਅਮਰੀਕੀ ਜੋੜਾ ਇਸਰਾਈਲ ਤੇ ਯਹੂਦੀ ਵਿਰੋਧੀ ਸ਼ਬਦ ਬੋਲ ਰਿਹਾ ਹੈ, ਨੇ ਸ਼ੋਸਲ ਮੀਡੀਆ ਉਪਰ ਤਰਥੱਲੀ ਮਚਾ ਦਿੱਤੀ ਹੈ। ਇਸ ਬਾਰੇ ਵੱਡੀ ਪੱਧਰ ਉਪਰ ਪ੍ਰਤੀਕਰਮ ਹੋਇਆ ਹੈ। ਸੱਜੇ ਪੱਖੀ ਪੱਤਰਕਾਰ ਐਂਡੀ ਵੱਲੋਂ ਪੋਸਟ ਕੀਤੀ ਵੀਡੀਓ ਵਿਚ ਕੁਰਸ਼ ਮਿਸਤਰੀ ਤੇ ਸ਼ੈਲਜਾ ਗੁਪਤਾ ਨਾਮੀ ਭਾਰਤੀ ਜੋੜਾ ਨਜਰ ਆ ਰਿਹਾ ਹੈ ਜਿਨਾਂ ਨੇ ਹੱਥ ਵਿਚ ਅਗਵਾ ਕੀਤੇ ਇਸਰਾਈਲੀਆਂ ਦਾ ਪੋਸਟਰ ਫੜਿਆ ਹੋਇਆ ਹੈ ਜਿਸ ਉਪਰ ਲਿਖਿਆ ਹੈ ” ਧਾੜਵੀਆਂ ਨੂੰ ਸਿੱਟੇ ਭੁੱਗਤਣੇ ਪੈਣਗੇ, ਇਸਰਾਈਲ ਇਕ ਨਸਲ ਅਧਾਰਤ ਦੇਸ਼ ਹੈ ਜੋ ਨਸਲਕੁੱਸ਼ੀ ਕਰ ਰਿਹਾ ਹੈ.” 9 ਨਵੰਬਰ ਨੂੰ ਰਿਕਾਰਡ ਕੀਤੀ ਇਸ ਵੀਡੀਓ ਵਿਚ ਔਰਤ ਨੇੜਿਉਂ ਲੰਘ ਰਹੇ ਇਕ ਯਹੂਦੀ ਵਿਅਕਤੀ ਨੂੰ ”ਆਪਣੇ ਦੇਸ਼ ਵਾਪਿਸ ਜਾਓ” ਕਹਿੰਦੀ ਹੋਈ ਨਜਰ ਆਉਂਦੀ ਹੈ ਤੇ ਗੁਪਤਾ ਯਹੂਦੀ ਨੂੰ ਅਨਪੜ ਤੇ ਸਾਰੇ ਯਹੂਦੀਆਂ ਨੂੰ ‘ਬਲਾਤਕਾਰੀ’ ਕਹਿੰਦਾ ਸੁਣਾਈ ਦਿੰਦਾ ਹੈ। ਵੀਡੀਓ ਵਿਚ ਯਹੂਦੀ ਵਿਅਕਤੀ ਦੀ ਪਛਾਣ ਨੂੰ ਜਨਤਿਕ ਨਹੀਂ ਕੀਤਾ ਗਿਆ ਹੈ। ਇਸੇ ਦੌਰਾਨ ਫਰੀਪੋਆਇੰਟ ਕੋਮੋਡਟੀਜ ਨੇ ਮਿਸਤਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਉਹ ਵੱਖ ਵੱਖ ਵਿਚਾਰਾਂ ਦਾ ਸਵਾਗਤ ਕਰਦੇ ਹਨ ਪਰੰਤੂ ਕਿਸੇ ਵੀ ਵਿਰੁੱਧ ਭਿੰਨਭੇਦ ਤੇ ਨਫਰਤੀ ਭਾਸ਼ਣ ਸਵਿਕਾਰ ਨਹੀਂ ਹੈ।