ਨਿਊਯਾਰਕ, 2 ਮਾਰਚ (ਪੰਜਾਬ ਮੇਲ)-ਅਮਰੀਕਾ ਦੇ ਸਰਹੱਦੀ ਅਧਿਕਾਰੀਆਂ ਨੇ ਦੋ ਭਾਰਤੀ ਨਾਗਰਿਕਾਂ ਸਮੇਤ ਪੰਜ ਵਿਅਕਤੀਆਂ ਨੂੰ ਕੈਨੇਡਾ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਕਿਸ਼ਤੀ ਵਿਚ ਅਮਰੀਕਾ ‘ਚ ਦਾਖ਼ਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਅਮਰੀਕੀ ਸਰਹੱਦੀ ਗਸ਼ਤੀ ਅਧਿਕਾਰੀਆਂ ਨੇ ਇਨ੍ਹਾਂ ਪੰਜ ਵਿਦੇਸ਼ੀ ਨਾਗਰਿਕਾਂ ਨੂੰ ਮਿਸ਼ੀਗਨ ਸੂਬੇ ਦੇ ਅਲਗੋਨੇਕ ਨੇੜੇ ਤਸਕਰੀ ਦੀ ਕੋਸ਼ਿਸ਼ ਦੌਰਾਨ ਗ੍ਰਿਫਤਾਰ ਕੀਤਾ ਹੈ। 20 ਫਰਵਰੀ ਨੂੰ ਸੇਂਟ ਕਲੇਅਰ ਨਦੀ ‘ਤੇ ਕਿਸ਼ਤੀ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਦੇਖਿਆ ਗਿਆ, ਅਧਿਕਾਰੀਆਂ ਨੇ ਦੇਖਿਆ ਕਿ ਦੋ ਪਰਵਾਸੀ ਕੰਬ ਰਹੇ ਸਨ ਤੇ ਭਿੱਜੇ ਹੋਏ ਸਨ। ਉਨ੍ਹਾਂ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕਿਸ਼ਤੀ ਤੋਂ ਉਤਰਦੇ ਸਮੇਂ ਦਰਿਆ ਵਿਚ ਡਿੱਗ ਗਏ ਸਨ। ਇਸ ਤੋਂ ਬਾਅਦ ਇਨ੍ਹਾਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਪਰਵਾਸੀਆਂ ‘ਚ ਦੋ ਭਾਰਤੀ, ਇਕ ਨਾਇਜੀਰਿਆਈ, ਇਕ ਮੈਕਸੀਕਨ ਤੇ ਇਕ ਡੋਮਿਨਿਕ ਰਿਪਬਲਿਕ ਦਾ ਹੈ।