#INDIA

ਮੂਡੀਜ਼ ਵੱਲੋਂ ਭਾਰਤ ਦੀ ਆਰਥਿਕ ਵਿਕਾਸ ਦਰ 5.5 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ 2023 ‘ਚ ਭਾਰਤ ਦੀ ਆਰਥਿਕ ਵਿਕਾਸ ਦਰ 4.8 ਫ਼ੀਸਦੀ ਤੋਂ ਵਧਾ ਕੇ 5.5 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਆਰਥਿਕ ਗਤੀਵਿਧੀਆਂ ਦੇ ਰਫ਼ਤਾਰ ਫੜਨ ਤੇ ਬਜਟ ‘ਚ ਪੂੰਜੀ ਖ਼ਰਚਾ ਤੇਜ਼ੀ ਨਾਲ ਵਧਣ ਕਾਰਨ ਵਿਕਾਸ ਦਰ ‘ਚ ਵਾਧੇ ਦਾ ਅਨੁਮਾਨ ਹੈ। ਉਂਜ ਮੂਡੀਜ਼ ਨੇ 2022 ਲਈ ਨਵੰਬਰ ‘ਚ ਲਾਇਆ 7 ਫ਼ੀਸਦੀ ਅਨੁਮਾਨ ਘਟਾ ਕੇ 6.8 ਫ਼ੀਸਦੀ ਕਰ ਦਿੱਤਾ ਹੈ।
ਮੂਡੀਜ਼ ਨੇ ਆਲਮੀ ਮੈਕਰੋ ਆਊਟਲੁੱਕ ਦੇ ਫਰਵਰੀ ਅਪਡੇਟ ‘ਚ ਅਮਰੀਕਾ, ਕੈਨੇਡਾ, ਯੂਰੋਪ, ਭਾਰਤ, ਰੂਸ, ਮੈਕਸੀਕੋ ਅਤੇ ਤੁਰਕੀ ਸਮੇਤ ਕਈ ਜੀ-20 ਮੁਲਕਾਂ ਦੇ ਅਰਥਚਾਰਿਆਂ ਲਈ ਵਿਕਾਸ ਅਨੁਮਾਨ ਨੂੰ ਵਧਾਇਆ ਹੈ। ਮੂਡੀਜ਼ ਨੇ ਕਿਹਾ ਕਿ ਭਾਰਤ ਦੇ ਮਾਮਲੇ ‘ਚ ਵਿੱਤੀ ਵਰ੍ਹੇ 2023-24 ਦੇ ਬਜਟ ‘ਚ ਪੂੰਜੀਗਤ ਖ਼ਰਚੇ ਲਈ ਵੰਡ (ਜੀਡੀਪੀ ਦਾ 3.3 ਫ਼ੀਸਦ) ‘ਚ ਚੋਖਾ ਵਾਧਾ ਕੀਤਾ ਗਿਆ ਹੈ। ਇਹ ਅੰਕੜਾ ਬੀਤੇ ਵਿੱਤੀ ਵਰ੍ਹੇ ਦੇ 7500 ਅਰਬ ਰੁਪਏ ਤੋਂ ਵਧ ਕੇ 10 ਹਜ਼ਾਰ ਅਰਬ ਰੁਪਏ ਹੋ ਗਿਆ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਅਜਿਹੇ ‘ਚ ਅਸਲ ਜੀ. ਡੀ. ਪੀ. ਵਿਕਾਸ ਦਰ 2023 ‘ਚ 0.70 ਫ਼ੀਸਦੀ ਵੱਧ ਯਾਨੀ 5.5 ਫ਼ੀਸਦੀ ਹੋ ਸਕਦੀ ਹੈ। ਇਸ ਦੇ 2024 ‘ਚ 6.5 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਇਸ ‘ਚ ਅੱਗੇ ਕਿਹਾ ਗਿਆ ਹੈ ਕਿ 2022 ਦੀ ਦੂਜੀ ਛਿਮਾਹੀ ‘ਚ ਮਜ਼ਬੂਤ ਅੰਕੜੇ ਇਸ ਗੱਲ ਦੀ ਉਮੀਦ ਜਤਾਉਂਦੇ ਹਨ ਕਿ 2023 ‘ਚ ਪ੍ਰਦਰਸ਼ਨ ਮਜ਼ਬੂਤ ਰਹੇਗਾ। ਮੂਡੀਜ਼ ਨੇ ਕਿਹਾ ਕਿ ਭਾਰਤ ਸਮੇਤ ਕਈ ਵੱਡੇ ਉਭਰਦੇ ਬਾਜ਼ਾਰਾਂ ਵਾਲੇ ਮੁਲਕਾਂ ‘ਚ ਆਰਥਿਕ ਰਫ਼ਤਾਰ ਪਿਛਲੇ ਸਾਲ ਦੇ ਅਨੁਮਾਨ ਨਾਲੋਂ ਵਧੇਰੇ ਮਜ਼ਬੂਤ ਰਹੀ ਹੈ। ਮੂਡੀਜ਼ ਨੇ 2023 ‘ਚ ਆਲਮੀ ਵਿਕਾਸ ਦਰ ਧੀਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਕਿਹਾ ਹੈ ਕਿ ਜੀ-20 ਆਲਮੀ ਆਰਥਿਕ ਵਿਕਾਸ ਦਰ 2022 ਦੇ 2.7 ਫ਼ੀਸਦ ਨਾਲੋਂ ਡਿੱਗ ਕੇ 2 ਫ਼ੀਸਦ ‘ਤੇ ਆਉਣ ਦੀ ਸੰਭਾਵਨਾ ਹੈ।

Leave a comment