ਨਿਊਯਾਰਕ, 28 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਸ਼ਿਕਾਗੋ ਦੇ ਲਿੰਕਨ ਪਾਰਕ ‘ਚ ਇੱਕ ਭਾਰਤੀ-ਗੁਜਰਾਤੀ ਨੌਜਵਾਨ, ਕੇਵਿਨ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੀ ਗਈ ਇਕ ਕਾਲੇ ਮੂਲ ਦੀ ਕੁੜੀ ਨੇ 911 ‘ਤੇ ਫ਼ੋਨ ਕਰਕੇ ਪੁਲਿਸ ਨੂੰ ਕਤਲ ਬਾਰੇ ਸੂਚਿਤ ਕੀਤਾ ਸੀ। ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਕਿ ਉਸ ਨੇ ਗੁਜਰਾਤੀ-ਭਾਰਤੀ ਕੇਵਿਨ ਪਟੇਲ ਨੂੰ ਲੁੱਟ ਦੇ ਇਰਾਦੇ ਨਾਲ ਗੋਲੀ ਮਾਰੀ ਸੀ। ਪੁਲਿਸ ਰਿਪੋਰਟ ਅਨੁਸਾਰ ਇਸ ਕੁੜੀ ਅਤੇ ਉਸ ਦੇ ਚਚੇਰੇ ਭਰਾ ਨੇ ਕੇਵਿਨ ਪਟੇਲ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।

ਜਦੋਂ ਕੇਵਿਨ ਪਟੇਲ ਨੇ ਇਸ ਦਾ ਵਿਰੋਧ ਕੀਤਾ, ਤਾਂ ਕੁੜੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੋਸ਼ੀ ਕੁੜੀ ਨੇ ਖੁਦ ਫ਼ੋਨ ਕਰਕੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।
ਗੋਲੀਬਾਰੀ ਕਰਨ ਤੋਂ ਬਾਅਦ, ਦੋਵੇਂ ਦੋਸ਼ੀ ਘਟਨਾ ਸਥਾਨ ਤੋਂ ਭੱਜ ਗਏ ਸੀ। ਹਾਲਾਂਕਿ ਇਹ ਸਾਰੀ ਘਟਨਾ ਇੱਕ ਘਰ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ ਅਤੇ ਕੁਝ ਲੋਕਾਂ ਨੇ ਜੋਸਲੀਨ ਨੂੰ ਆਪਣੀਆਂ ਅੱਖਾਂ ਨਾਲ ਉਸਨੂੰ ਗੋਲੀ ਮਾਰਦੇ ਅਤੇ ਕਿਸੇ ਦੇ ਨਾਲ ਭੱਜਦੇ ਵੀ ਦੇਖਿਆ ਸੀ।
ਜੋਸਲੀਨ, ਜੋ ਕਿ ਅਪਰਾਧ ਵਾਲੀ ਥਾਂ ਤੋਂ ਭੱਜ ਗਈ ਸੀ, ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ 911 ‘ਤੇ ਕਾਲ ਕੀਤੀ, ਅਤੇ ਦਾਅਵਾ ਕੀਤਾ ਕਿ ਉਸ ਦੇ ਸਾਹਮਣੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਅਤੇ ਕਾਤਲ ਉਲਟ ਦਿਸ਼ਾ ਵਿਚ ਭੱਜ ਗਿਆ ਸੀ। ਸਰਕਾਰੀ ਵਕੀਲਾਂ ਅਨੁਸਾਰ, ਪੁਲਿਸ ਨੇ ਘਟਨਾ ਦੇ ਗਵਾਹਾਂ ਦੁਆਰਾ ਦਿੱਤੇ ਗਏ ਵਰਣਨ ਦੇ ਆਧਾਰ ‘ਤੇ ਦੋਵਾਂ ਮੁਲਜ਼ਮਾਂ ਨੂੰ ਟਰੈਕ ਕਰਨ ਦੇ ਯੋਗ ਹੋਈ ਸੀ। ਇਸ ਤੋਂ ਇਲਾਵਾ, ਪੁਲਿਸ ਕੋਲ ਨਿਗਰਾਨੀ ਫੁਟੇਜ ਵੀ ਸੀ, ਜਿਸ ਵਿਚ ਜੋਸਲੀਨ ਨੂੰ ਫ਼ੋਨ ‘ਤੇ ਗੱਲ ਕਰਦੇ ਦੇਖਿਆ ਗਿਆ ਸੀ। ਇਸ ਤੋਂ ਇਲਾਵਾ, ਪੁਲਿਸ ਨੇ ਉਸ ਸਮੇਂ ਦੌਰਾਨ ਪ੍ਰਾਪਤ ਹੋਏ 911 ਫੋਨ ਕਾਲਾਂ ਤੋਂ ਦੋਸ਼ੀ ਦੇ ਫੋਨ ਨੰਬਰ ਦੀ ਪਛਾਣ ਕੀਤੀ, ਜਿਸ ਦੇ ਆਧਾਰ ‘ਤੇ ਜੋਸਲੀਨ ਅਤੇ ਉਸਦੇ ਚਚੇਰੇ ਭਰਾ ਨੂੰ ਥੋੜ੍ਹੇ ਸਮੇਂ ਵਿਚ ਹੀ ਪੁਲਿਸ ਨੇ ਫੜ ਲਿਆ। ਪੁਲਿਸ ਨੂੰ ਦੋਸ਼ੀ ਦੇ ਕਬਜ਼ੇ ਵਿਚੋਂ ਮਿਲੀ ਬੰਦੂਕ ਤੋਂ ਮਿਲੇ ਬੈਲਿਸਟਿਕ ਸਬੂਤ ਵੀ ਅਪਰਾਧ ਵਾਲੀ ਥਾਂ ਤੋਂ ਮਿਲੇ ਸਬੂਤਾਂ ਨਾਲ ਮੇਲ ਖਾਂਦੇ ਸਨ, ਭਾਵ ਜੋਸਲੀਨ ਦੀ ਬੰਦੂਕ ਵਿਚੋਂ ਚੱਲੀ ਗੋਲੀ ਕੇਵਿਨ ਪਟੇਲ ਨੂੰ ਲੱਗੀ ਸੀ ਅਤੇ ਇਸ ਤੋਂ ਇਲਾਵਾ, ਉਸ ਦੇ ਚਚੇਰੇ ਭਰਾ ਨੇ ਵੀ ਪੁਲਿਸ ਸਾਹਮਣੇ ਇਹ ਜੁਰਮ ਕਬੂਲ ਕੀਤਾ ਸੀ ਕਿ ਜੋਸਲੀਨ ਨੇ ਮ੍ਰਿਤਕ ‘ਤੇ ਗੋਲੀ ਚਲਾਈ ਸੀ। ਜੋਸਲੀਨ, ਜੋ ਕਿ ਤਿੰਨ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਨੂੰ ਵੀ ਜ਼ਮਾਨਤ ਦੇਣ ਤੋਂ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ ਅਤੇ ਉਸ ਨੂੰ ਲੱਗੇ ਦੋਸ਼ਾਂ ਲਈ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।