#AMERICA

9 ਜੁਲਾਈ ਤੋਂ ਬਾਅਦ ਨਹੀਂ ਮਿਲੇਗੀ ਟੈਰਿਫ ਤੋਂ ਰਾਹਤ: ਟਰੰਪ

ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ 9 ਜੁਲਾਈ ਤੋਂ ਬਾਅਦ ਗਲੋਬਲ ਟੈਰਿਫ ਤੋਂ ਕੋਈ ਰਾਹਤ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਜ਼ਿਆਦਾਤਰ ਦੇਸ਼ਾਂ ‘ਤੇ ਟੈਰਿਫ ‘ਤੇ 90 ਦਿਨਾਂ ਦੀ ਪਾਬੰਦੀ ਨੂੰ ਵਧਾਉਣ ਦੀ ਯੋਜਨਾ ਨਹੀਂ ਬਣਾ ਰਹੇ ਹਨ। ਇਹ ਉਹ ਸਮਾਂ ਸੀਮਾ ਹੈ, ਜੋ ਉਨ੍ਹਾਂ ਨੇ ਦੇਸ਼ਾਂ ਨਾਲ ਵਪਾਰਕ ਗੱਲਬਾਤ ਲਈ ਨਿਰਧਾਰਤ ਕੀਤੀ ਸੀ। ਟਰੰਪ ਨੇ ਕਿਹਾ ਕਿ ਜੇਕਰ ਕੋਈ ਦੇਸ਼ ਅਮਰੀਕਾ ਨਾਲ ਸੌਦਾ ਨਹੀਂ ਕਰਦਾ ਹੈ, ਤਾਂ ਉਸਨੂੰ ਟੈਰਿਫ ਦਾ ਭੁਗਤਾਨ ਕਰਨਾ ਪਵੇਗਾ।
ਟਰੰਪ ਨੇ ਐਤਵਾਰ (ਸਥਾਨਕ ਸਮੇਂ) ਨੂੰ ਪ੍ਰਸਾਰਿਤ ਇੱਕ ਇੰਟਰਵਿਊ ਵਿਚ ਕਿਹਾ ਕਿ ਅਮਰੀਕਾ ਡੈੱਡਲਾਈਨ ਤੋਂ ਪਹਿਲਾਂ ਦੇਸ਼ਾਂ ਨੂੰ ਪੱਤਰ ਭੇਜੇਗਾ, ਜਿਸ ਵਿਚ ਕਿਹਾ ਜਾਵੇਗਾ ਕਿ ਅਸੀਂ ਤੁਹਾਨੂੰ ਅਮਰੀਕਾ ਵਿਚ ਖਰੀਦਦਾਰੀ ਕਰਨ ਦੀ ਇਜਾਜ਼ਤ ਦੇ ਰਹੇ ਹਾਂ, ਤੁਹਾਨੂੰ 25, 35, 50 ਜਾਂ 10 ਪ੍ਰਤੀਸ਼ਤ ਟੈਰਿਫ ਦਾ ਭੁਗਤਾਨ ਕਰਨਾ ਪਵੇਗਾ। ਉਨ੍ਹਾਂ ਕਿਹਾ, ‘ਅਸੀਂ ਦੇਖਾਂਗੇ ਕਿ ਕਿਹੜਾ ਦੇਸ਼ ਸਾਡੇ ਨਾਲ ਚੰਗਾ ਜਾਂ ਮਾੜਾ ਵਿਵਹਾਰ ਕਰਦਾ ਹੈ। ਸਾਨੂੰ ਕੁਝ ਦੇਸ਼ਾਂ ਦੀ ਪਰਵਾਹ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਹੋਰ ਟੈਕਸ ਦੇਣਾ ਪਵੇਗਾ।’
2 ਅਪ੍ਰੈਲ ਨੂੰ ਐਲਾਨ ਗਏ ਉੱਚ ਟੈਰਿਫ ਉਦੋਂ ਤੱਕ ਲਾਗੂ ਰਹਿਣਗੇ, ਜਦੋਂ ਤੱਕ ਵੱਖ-ਵੱਖ ਦੇਸ਼ ਅਮਰੀਕਾ ਨਾਲ ਵਪਾਰਕ ਸਮਝੌਤੇ ‘ਤੇ ਨਹੀਂ ਪਹੁੰਚਦੇ। ਟਰੰਪ ਨੇ ਵ੍ਹਾਈਟ ਹਾਊਸ ਵਿਚ ਆਯੋਜਿਤ ਇੱਕ ਨਿਊਜ਼ ਕਾਨਫਰੰਸ ਵਿਚ ਸਮਾਂ ਸੀਮਾ ਨੂੰ ਘੱਟ ਦੱਸਿਆ। ਉਨ੍ਹਾਂ ਮੰਨਿਆ ਕਿ ਹਰ ਦੇਸ਼ ਨਾਲ ਵੱਖਰੇ ਸੌਦੇ ਕਰਨਾ ਆਸਾਨ ਨਹੀਂ ਹੈ, ਪਰ ਉਨ੍ਹਾਂ ਦਾ ਪ੍ਰਸ਼ਾਸਨ 90 ਦਿਨਾਂ ਵਿਚ 90 ਵਪਾਰਕ ਸੌਦੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਲਗਭਗ 200 ਦੇਸ਼ ਹਨ ਅਤੇ ਹਰ ਕਿਸੇ ਨਾਲ ਗੱਲ ਕਰਨਾ ਮੁਸ਼ਕਲ ਹੈ।
ਇੰਟਰਵਿਊ ਦੌਰਾਨ ਟਰੰਪ ਨੇ ਟਿਕਟਾਕ ਸੌਦੇ, ਚੀਨ ਨਾਲ ਸਬੰਧਾਂ, ਈਰਾਨ ‘ਤੇ ਹਮਲਿਆਂ ਅਤੇ ਉਨ੍ਹਾਂ ਦੇ ਇਮੀਗ੍ਰੇਸ਼ਨ ਦਮਨ ਬਾਰੇ ਵੀ ਗੱਲ ਕੀਤੀ। ਟਰੰਪ ਨੇ ਦੱਸਿਆ ਕਿ ਅਮੀਰ ਲੋਕਾਂ ਦਾ ਇੱਕ ਸਮੂਹ ਟਿਕਟਾਕ ਖਰੀਦਣਾ ਚਾਹੁੰਦਾ ਹੈ, ਜਿਸਦੀ ਮਲਕੀਅਤ ਚੀਨੀ ਕੰਪਨੀ ਬਾਈਟਡਾਂਸ ਹੈ। ਉਨ੍ਹਾਂ ਕਿਹਾ, ‘ਸਾਡੇ ਕੋਲ ਇੱਕ ਖਰੀਦਦਾਰ ਹੈ। ਹੋ ਸਕਦਾ ਹੈ ਕਿ ਸਾਨੂੰ ਚੀਨ ਦੀ ਮਨਜ਼ੂਰੀ ਲੈਣੀ ਪਵੇ ਅਤੇ ਮੈਨੂੰ ਲੱਗਦਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਮਨਜ਼ੂਰੀ ਦੇ ਦੇਣਗੇ।’ ਹਾਲਾਂਕਿ ਇਸ ਸਮੇਂ ਦੌਰਾਨ ਟਰੰਪ ਨੇ ਨਿਵੇਸ਼ਕਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ, ਉਨ੍ਹਾਂ ਨੂੰ ਬਹੁਤ ਅਮੀਰ ਲੋਕਾਂ ਦਾ ਸਮੂਹ ਦੱਸਿਆ। ਹੋਰ ਜਾਣਕਾਰੀ ਲਈ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਦੋ ਹਫ਼ਤਿਆਂ ਵਿਚ ਦੱਸਾਂਗਾ।’