#AMERICA

9 ਮਹੀਨੇ, 14 ਦਿਨਾਂ ਬਾਅਦ Space ਸਟੇਸ਼ਨ ਤੋਂ ਧਰਤੀ ‘ਤੇ ਪਰਤੀ ਸੁਨੀਤਾ ਵਿਲੀਅਮਜ਼

-ਸਮੁੰਦਰ ‘ਚ ਸੁਰੱਖਿਅਤ ਰੂਪ ਨਾਲ ਉਤਰਿਆ ‘Dragon’ ਕੈਪਸੂਲ
ਵਾਸ਼ਿੰਗਟਨ, 19 ਮਾਰਚ  (ਪੰਜਾਬ ਮੇਲ)- ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲਿਅਮਜ਼ ਧਰਤੀ ‘ਤੇ ਵਾਪਸ ਆ ਗਈ ਹੈ। ਉਨ੍ਹਾਂ ਦੇ ਨਾਲ ਬੁਚ ਵਿਲਮੋਰ ਵੀ ਵਾਪਸ ਆਏ ਹਨ। ਫਲੋਰਿਡਾ ਦੇ ਤਟ ‘ਤੇ ਉਨ੍ਹਾਂ ਦੀ ਸਫਲ ਲੈਂਡਿੰਗ ਹੋਈ ਹੈ। ਦੋਵੇਂ ਪੁਲਾੜ ਯਾਤਰੀਆਂ ਨੂੰ ਲੈ ਕੇ SpaceX ਕਰੂ-9 ਵਾਪਸ ਧਰਤੀ ‘ਤੇ ਆ ਗਿਆ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ‘ਤੇ ਵਾਪਸੀ ਦੇ ਸਫਰ ਵਿਚ 17 ਘੰਟੇ ਲੱਗੇ।
ਸੁਨੀਤਾ ਵਿਲਿਅਮਜ਼ ਇਤਿਹਾਸ ਰਚ ਕੇ ਧਰਤੀ ‘ਤੇ ਵਾਪਸ ਆ ਗਈ ਹੈ। ਉਨ੍ਹਾਂ ਦਾ ਸਵਾਗਤ ਸਮੁੰਦਰ ‘ਚ ਤੈਰ ਰਹੀਆਂ ਡਾਲਫਿਨਾਂ ਦੇ ਝੁੰਡ ਨੇ ਕੀਤਾ। ਨਾਸਾ ਦੇ ਇਹ ਦੋਵੇਂ ਪੁਲਾੜ ਯਾਤਰੀ ਸਿਰਫ਼ ਅੱਠ ਦਿਨਾਂ ਦੇ ਮਿਸ਼ਨ ‘ਤੇ ਗਏ ਸਨ, ਪਰ ਤਕਨੀਕੀ ਖਰਾਬੀ ਕਾਰਨ ਦੋਵੇਂ ਨੌ ਮਹੀਨੇ ਅਤੇ 14 ਦਿਨਾਂ ਤੱਕ ਪੁਲਾੜ ਵਿਚ ਫਸੇ ਰਹੇ। ਜਦੋਂ ਉਨ੍ਹਾਂ ਦਾ ਕੈਪਸੂਲ ਪਾਣੀ ਵਿਚ ਉਤਾਰਿਆ ਤਾਂ ਉਨ੍ਹਾਂ ਦੇ ਆਸ-ਪਾਸ ਵੱਡੀ ਗਿਣਤੀ ਵਿਚ ਡਾਲਫਿਨਾਂ ਸਨ, ਇਸ ਤੋਂ ਬਾਅਦ ਉਨ੍ਹਾਂ ਨੂੰ ਰਿਕਵਰੀ ਜਹਾਜ਼ ਰਾਹੀਂ ਕੈਪਸੂਲ ਤੋਂ ਬਾਹਰ ਕੱਢਿਆ ਗਿਆ।
ਜਦੋਂ ਕੈਪਸੂਲ ਤੋਂ ਉਨ੍ਹਾਂ ਨੂੰ ਕੱਢਣ ਦੀ ਕਾਰਵਾਈ ਚੱਲ ਰਹੀ ਸੀ, ਤਦ ਡਾਲਫਿਨ ਕੈਪਸੂਲ ਦੇ ਚਾਰਾਂ ਪਾਸੇ ਤੈਰ ਰਹੀਆਂ ਸਨ। ਰਿਕਵਰੀ ਜਹਾਜ਼ ਨੇ ਕੈਪਸੂਲ ਨੂੰ ਪਾਣੀ ਤੋਂ ਸਫਲਤਾਪੂਰਵਕ ਬਾਹਰ ਕੱਢਿਆ, ਜਿਸ ਤੋਂ ਬਾਅਦ ਸਤੰਬਰ ਤੋਂ ਬਾਅਦ ਪਹਿਲੀ ਵਾਰ ਕੈਪਸੂਲ ਦਾ ਸਾਈਡ ਹੈਚ ਖੋਲ੍ਹਿਆ ਗਿਆ। ਪੁਲਾੜ ਯਾਤਰੀ ਕੈਪਸੂਲ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਨੂੰ 45 ਦਿਨਾਂ ਦੇ ਪੁਨਰਵਾਸ ਪ੍ਰੋਗਰਾਮ ਲਈ ਹਿਊਸਟਨ ਲਿਜਾਇਆ ਗਿਆ।
ਕ੍ਰੂ-9 ਸਵੇਰੇ 10:35 ਵਜੇ (ਸਥਾਨਕ ਸਮੇਂ ਅਨੁਸਾਰ) ਸਵੇਰੇ-ਸਵੇਰੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਇਆ। ਅੰਤਰਰਾਸ਼ਟਰੀ ਸਟੇਸ਼ਨ ‘ਤੇ ਮੌਜੂਦ ਹੋਰ ਲੋਕਾਂ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਆਖ਼ਰੀ ਵਿਦਾਈ ਦਿੱਤੀ। ਨਾਸਾ ਨੇ ਸਪੇਸਕ੍ਰਾਫਟ ਨੂੰ ਸਪੇਸ ਸਟੇਸ਼ਨ ਤੋਂ ਵੱਖ ਹੁੰਦੇ ਹੋਏ ਇਕ ਵੀਡੀਓ ਸਾਂਝਾ ਕੀਤਾ। ਕਈ ਦੇਰੀਆਂ ਤੋਂ ਬਾਅਦ, ਰਾਹਤ ਦਲ ਨੂੰ ਲੈ ਕੇ ਡਰੈਗਨ ਅੰਤਰਿਕਸ਼ ਯਾਨ ਐਤਵਾਰ ਨੂੰ ਅੰਤਰਰਾਸ਼ਟਰੀ ਸਟੇਸ਼ਨ ‘ਤੇ ਪਹੁੰਚ ਗਿਆ ਸੀ।