#INDIA

’84 ਸਿੱਖ ਵਿਰੋਧੀ ਦੰਗੇ: ਦਿੱਲੀ ਅਦਾਲਤ ਵੱਲੋਂ ਸੱਜਣ ਕੁਮਾਰ ਵਿਰੁੱਧ ਕੇਸ ਅੰਤਿਮ ਬਹਿਸ ਲਈ ਸੂਚੀਬੱਧ

-29 ਅਕਤੂਬਰ ਨੂੰ ਹੋਵੇਗੀ ਅੰਤਿਮ ਬਹਿਸ
ਨਵੀਂ ਦਿੱਲੀ, 24 ਸਤੰਬਰ (ਪੰਜਾਬ ਮੇਲ)- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ ਕੇਸ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕਰ ਦਿੱਤਾ ਹੈ, ਜਿਸ ਲਈ ਤਰੀਕ 29 ਅਕਤੂਬਰ ਐਲਾਨੀ ਗਈ ਹੈ। ਸੱਜਣ ਕੁਮਾਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ ਵਿਚ ਜਨਕਪੁਰੀ ਅਤੇ ਵਿਕਾਸ ਪੁਰੀ ਪੁਲਿਸ ਸਟੇਸ਼ਨਾਂ ਵਿਚ ਦਰਜ ਐੱਫ.ਆਈ.ਆਰਜ਼ ਨਾਲ ਜੁੜੇ ਕੇਸ ਦਾ ਸਾਹਮਣਾ ਕਰ ਰਿਹਾ ਹੈ।
ਵਿਸ਼ੇਸ਼ ਜੱਜ ਡੀ.ਆਈ.ਜੀ. ਵਿਨੈ ਸਿੰਘ ਨੇ ਸੱਜਣ ਕੁਮਾਰ ਦੇ ਵਕੀਲ ਵੱਲੋਂ ਬਚਾਅ ਪੱਖ ਦੇ ਸਬੂਤ ਦਰਜ ਕਰਨ ਤੋਂ ਬਾਅਦ ਮਾਮਲੇ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕੀਤਾ। ਅਦਾਲਤ ਨੇ ਇਸ ਮਾਮਲੇ ਦੀ ਅੰਤਿਮ ਬਹਿਸ ਲਈ ਸੁਣਾਈ 29 ਅਕਤੂਬਰ ਨੂੰ ਨਿਰਧਾਰਤ ਕੀਤੀ ਹੈ।
ਸੱਜਣ ਕੁਮਾਰ ਨੇ 7 ਜੁਲਾਈ ਨੂੰ ਆਪਣੇ ਬਿਆਨ ਦਰਜ ਕਰਵਾਏ ਸਨ, ਜਿਸ ਦੌਰਾਨ ਸਾਬਕਾ ਕਾਂਗਰਸੀ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਦੰਗਿਆਂ ਵਾਲੀ ਥਾਂ ‘ਤੇ ਮੌਜੂਦ ਨਹੀਂ ਸੀ ਅਤੇ ਉਸ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ। ਜਨਕਪੁਰੀ ਕੇਸ 1 ਨਵੰਬਰ 1984 ਨੂੰ ਦੋ ਸਿੱਖਾਂ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੇ ਕਤਲ ਨਾਲ ਸਬੰਧਤ ਹੈ। ਦੂਜਾ ਕੇਸ ਵਿਕਾਸਪੁਰੀ ਥਾਣੇ ਵਿਚ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨੂੰ ਅੱਗ ਲਾਉਣ ਨਾਲ ਸਬੰਧਤ ਹੈ।